ਬਲਵਿੰਦਰ ਰੈਤ
ਨੂਰਪੁਰ ਬੇਦੀ, 22 ਅਗਸਤ
ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਿਓ-ਪੁੱਤ, ਵਿਵਾਦਾਂ ’ਚ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਬਚਾਉਣ ਲਈ ਸਾਂਝੇ ਪ੍ਰੋਗਰਾਮ ਤਹਿਤ ਯਤਨਸ਼ੀਲ ਹਨ ਕਿਉਂਕਿ ਸੁਮੇਧ ਸੈਣੀ ਸਮੇਂ-ਸਮੇਂ ’ਤੇ ਅਕਾਲੀ ਤੇ ਕਾਂਗਰਸ ਸਰਕਾਰ ਦੀ ਪੁਸ਼ਤਪਨਾਹੀ ਕਰਦਾ ਰਿਹਾ ਹੈ। ਇਹ ਦੋਸ਼ ਰੂਪਨਗਰ ਤੋਂ ‘ਆਪ’ ਦੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਆਪਣੇ ਘਰ ਪ੍ਰੈੱਸ ਕਾਨਫਰੰਸ ਦੌਰਾਨ ਲਗਾਏ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਦੇ ਇਸ਼ਾਰੇ ’ਤੇ ਹੀ ਸੁਮੇਧ ਸੈਣੀ ਨੇ ਡੇਰਾ ਪ੍ਰੇਮੀਆਂ ਨੂੰ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਸਨ ਤੇ ਬੇਅਦਬੀ ਕਾਂਡ ਤੋਂ ਇਕ ਰਾਤ ਪਹਿਲਾਂ ਖੁਫ਼ੀਆ ਵਿਭਾਗ ਦੇ ਅਧਿਕਾਰੀਆਂ ਦੇ ਸਾਜਿਸ਼ ਤਹਿਤ ਤਬਾਦਲੇ ਕੀਤੇ ਗਏ ਸਨ। ਵਿਧਾਇਕ ਨੇ ਦੱਸਿਆ ਕਿ ਆਪਣੇ ਵਫ਼ਾਦਾਰ ਅਧਿਕਾਰੀ ਨੂੰ ਬਚਾਉਣ ਲਈ ਦੋਵੇਂ ਸਰਕਾਰਾਂ ਨੇ ਪਹਿਲਾਂ ਮੁਲਤਾਨੀ ਕਤਲ ਕਾਂਡ ’ਚ ਬਚਾਇਆ ਤੇ ਹੁਣ ਬਹਬਿਲ ਕਲਾਂ ਗੋਲੀ ਕਾਂਡ ਤੋਂ ਵੀ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੀ ਨੂੰ ਇਸ ਮਾਮਲੇ ਸਬੰਧੀ ਆਪਣਾ ਇਖ਼ਲਾਕੀ ਫਰਜ਼ ਪਛਾਣਨਾ ਚਾਹੀਦਾ ਹੈ। ਵਿਧਾਇਕ ਨੇ ਬੀਤੇ ਦਿਨੀਂ ਦੋ ਨਿੱਜੀ ਚੈਨਲਾਂ ਵੱਲੋਂ ਉਨ੍ਹਾਂ ਸਬੰਧੀ ਦਿੱਤੀ ਖ਼ਬਰ ਦਾ ਖੰਡਨ ਕਰਦਿਆਂ ਕਿਹਾ, ‘ਜੋ ਚੈਨਲ ਇਹ ਗੱਲ ਕਹਿ ਰਹੇ ਹਨ ਕਿ ਮੈਂ ਉਸ ਦਿਨ ਦਿੱਲੀ ’ਚ ਨਹੀਂ ਸੀ, ਸਗੋਂ ਹਲਕੇ ’ਚ ਘੁੰਮ ਰਿਹਾ ਸੀ। ਇਹ ਗੱਲ ਸਰਾਸਰ ਝੂਠ ਹੈ। ਮੈਂ ਇੱਕ ਸਰਕਾਰੀ ਮੀਟਿੰਗ ’ਚ ਸ਼ਾਮਲ ਹੋਣ ਲਈ ਉਸ ਦਿਨ ਦਿੱਲੀ ਵਿੱਚ ਹੀ ਸੀ।’