ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਲੋਕਾਂ ਵਿੱਚ ਘਟੀ ਆਪਣੀ ਸਾਖ ਦੀ ਬਹਾਲੀ ਲਈ ਕਾਂਗਰਸ ਪਾਰਟੀ ਦੀ ਸੂਬਾਈ ਲੀਡਰਸ਼ਿਪ ਹੁਣ ਖ਼ੁਦ ਲੋਕਾਂ ਦੇ ਦਰਾਂ ’ਤੇ ਦਸਤਕ ਦੇਣ ਲੱਗੀ ਹੈ। ਵਿਧਾਨ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਮਗਰੋਂ ਆਗੂਆਂ ਕੋਲ ਹੁਣ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਪਾਰਟੀ ਲਈ ਮਜ਼ਬੂਤ ਆਧਾਰ ਤਿਆਰ ਕਰਨ ਦਾ ਵਧੀਆ ਮੌਕਾ ਹੈ। ਨਗਰ ਨਿਗਮ ਚੋਣਾਂ ਤੱਕ ਭਾਵੇਂ ਸੱਤ ਮਹੀਨਿਆਂ ਦਾ ਸਮਾਂ ਬਹੁਤ ਘੱਟ ਹੈ, ਪਰ ਵਿਰੋਧੀ ਸਿਆਸੀ ਧਿਰਾਂ ਲਗਾਤਾਰ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ। ਕਾਂਗਰਸੀ ਆਗੂਆਂ ਵੱਲੋਂ ਵੀ ਹਰ ਮੁੱਦੇ ’ਤੇ ‘ਆਪ’ ਸਰਕਾਰ ਨੂੰ ਫੇਲ੍ਹ ਗਰਦਾਨਿਆ ਜਾ ਰਿਹਾ ਹੈ। ਨਗਰ ਕੌਂਸਲ ਚੋਣਾਂ ਸਬੰਧੀ ਸਰਗਰਮੀਆਂ ਵਜੋਂ ਅੱਜ ਕਾਂਗਰਸ ਦੇ ਸੂਬਾਈ ਪ੍ਰਧਾਨ ਰਾਜਾ ਵੜਿੰਗ ਦੀ ਅਗਵਾਈ ਹੇਠ ਇਸ ਜ਼ਿਲ੍ਹੇ ਦੇ ਸੀਨੀਅਰ ਪਾਰਟੀ ਆਗੂ ਹਰਦਿਆਲ ਕੰਬੋਜ, ਹੈਰੀ ਮਾਨ, ਵਿਸ਼ਨੂੰ ਸ਼ਰਮਾ, ਗੁਰਦੀਪ ਊਟਸਰ, ਸੰਤੋਖ ਸਿੰਘ ਸਮੇਤ ਕਈ ਹੋਰਨਾ ਆਗੂਆਂ ਨੇ ਅੱਜ ਪਟਿਆਲਾ ਸ਼ਹਿਰ ਵਿੱਚ ਘਰ-ਘਰ ਜਾ ਕੇ ਮੀਟਿੰਗਾਂ ਕਰਨ ਦੀ ਮੁਹਿੰਮ ਵਿੱਢੀ ਹੈ। ਇਸ ਦੌਰਾਨ ਉਨ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਕਾਂਗਰਸੀ ਕਾਰਕੁਨਾਂ ਦੇ ਘਰਾਂ ਵਿੱਚ ਮੀਟਿੰਗਾਂ ਕਰਕੇ ਕਾਂਗਰਸੀ ਵਰਕਰਾਂ ਸਮੇਤ ਸ਼ਹਿਰ ਵਾਸੀਆਂ ਨੂੰ ਵੀ ਪਾਰਟੀ ਨਾਲ ਜੋੜਨ ਦਾ ਤਹੱਈਆ ਕੀਤਾ। ਰਾਜਾ ਵੜਿੰਗ ਨੇ ਕਿਹਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਸਪੱਸ਼ਟ ਕਰ ਦੇਣਗੀਆਂ ਕਿ ਪਟਿਆਲਾ ਵਾਸੀ ਸਦਾ ਕਾਂਗਰਸ ਦੇ ਨਾਲ ਸਨ ਤੇ ਹੁਣ ਵੀ ਉਹ ਕਾਂਗਰਸ ਦਾ ਹੀ ਸਾਥ ਦੇਣਗੇ। ਸ੍ਰੀ ਵੜਿੰਗ ਨੇ ਕਿਹਾ ਕਿ ਕੈਪਟਨ ਦੇ ਜ਼ਿਲ੍ਹੇ ਵਿੱਚੋਂ ਕੋਈ ਵੀ ਵਿਧਾਇਕ ਉਨ੍ਹਾਂ ਨਾਲ ਨਹੀਂ ਤੁਰਿਆ, ਜਿਸ ਤੋਂ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਲੋਕ ਪਾਰਟੀ ਨਾਲ ਹਨ ਨਾ ਕਿ ਕੈਪਟਨ ਨਾਲ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਹੁਣ ਖ਼ਤਮ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਕਾਂਗਰਸੀ ਆਗੂਆਂ ਦੀਆਂ ਟੀਮਾਂ ਸ਼ਹਿਰ ਦੇ ਸਮੂਹ 60 ਵਾਰਡਾਂ ਵਿੱਚ ਪਹਿਲਾਂ ਨਾਲੋਂ ਵੀ ਵੱਧ ਸਰਗਰਮ ਹੋ ਕੇ ਲੋਕਾਂ ਵਿੱਚ ਵਿਚਰਨਗੀਆਂ ਤਾਂ ਜੋ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਤਾ ਲਾ ਕੇ ਹੱਲ ਕੱਢੇ ਜਾ ਸਕਣ। ਇਸ ਮੌਕੇ ਹਰਦਿਆਲ ਕੰਬੋਜ, ਹੈਰੀ ਮਾਨ ਤੇ ਪਟਿਆਲਾ ਦੇ ਹਲਕਾ ਇੰਚਾਰਜ ਵਿਸ਼ਨੂੰ ਸ਼ਰਮਾ ਨੇ ਕਿਹਾ ਕਿ ਪਟਿਆਲਾ ਕਾਂਗਰਸ ਦਾ ਗੜ੍ਹ ਸੀ ਤੇ ਹਮੇਸ਼ਾ ਰਹੇਗਾ ਤੇ ਇਸ ਗੱਲ ਦਾ ਸਬੂਤ ਇੱਥੋਂ ਦੇ ਵਸਨੀਕ ਨਿਗਮ ਚੋਣਾਂ ਦੌਰਾਨ ਦੇ ਦੇਣਗੇ। ਸ਼ਾਹੀ ਪਰਿਵਾਰ ਦੇ ਕਿਸੇ ਵੀ ਜੀਅ ਨੂੰ ਭਵਿੱਖ ’ਚ ਕਾਂਗਰਸ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ, ਕਿਉਂਕਿ ਕੈਪਟਨ ਅਮਰਿੰਦਰ ਨੇ ਪਾਰਟੀ ਦੀ ਪਿੱਠ ’ਚ ਛੁਰਾ ਮਾਰਿਆ ਹੈ ਤੇ ਲੋਕ ਹੁਣ ਉਨ੍ਹਾਂ ਨੂੰ ਇਸ ਗੱਲ ਲਈ ਮੁਆਫ਼ ਨਹੀਂ ਕਰਨਗੇ।
ਲਾਲੀ ਵੱਲੋਂ ਕਾਂਗਰਸ ’ਚੋਂ ਕੱਢਣ ਸਬੰਧੀ ਹੁਕਮ ਮੰਨਣ ਤੋਂ ਇਨਕਾਰ
ਪਟਿਆਲਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਵੱਲੋਂ ਪਿਛਲੇ ਮਹੀਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਹੇਠ ਛੇ ਸਾਲਾਂ ਲਈ ਕਾਂਗਰਸ ਵਿੱਚੋਂ ਕੱਢੇ ਗਏ ਨਵਜੋਤ ਸਿੱਧੂ ਦੇ ਸਮਰਥਕ ਨਰਿੰਦਰਪਾਲ ਲਾਲੀ ਨੇ ਪਾਰਟੀ ’ਚੋਂ ਕੱਢਣ ਸਬੰਧੀ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਨਗਰ ਨਿਗਮ ਚੋਣਾਂ ਦੀਆਂ ਸਰਗਰਮੀਆਂ ਤਹਿਤ ਪਟਿਆਲਾ ਫੇਰੀ ’ਤੇ ਆਏ ਰਾਜਾ ਵੜਿੰਗ ਦੇ ਖ਼ਿਲਾਫ਼ ਨਰਿੰਦਰਪਾਲ ਲਾਲੀ ਨੇ ਭੜਾਸ ਕੱਢਦਿਆਂ ਕਿਹਾ ਕਿ ਵੜਿੰਗ ਕੋਲ ਉਸ ਨੂੰ ਪਾਰਟੀ ’ਚੋਂ ਕੱਢਣ ਦੀ ਸਮਰੱਥਾ ਨਹੀਂ ਹੈ, ਕਿਉਂਕਿ ਉਨ੍ਹਾਂ (ਲਾਲੀ) ਨੂੰ ਕਾਂਗਰਸ ਦੀ ਸ਼ਹਿਰੀ ਇਕਾਈ ਦਾ ਪ੍ਰਧਾਨ ਕੇਂਦਰੀ ਹਾਈਕਮਾਨ ਦੀ ਤਰਫ਼ੋਂ ਬਣਾਇਆ ਗਿਆ ਸੀ। ਇਸ ਦੌਰਾਨ ਨਰਿੰਦਰਪਾਲ ਲਾਲੀ ਨੇ ਰਾਜਾ ਵੜਿੰਗ ਨੂੰ ਅਯੋਗ ਪ੍ਰਧਾਨ ਕਰਾਰ ਦਿੱਤਾ। ਉਧਰ ਇਸ ਸਬੰਧੀ ਰਾਜਾ ਵੜਿੰਗ ਦਾ ਤਰਕ ਸੀ ਕਿ ਲਾਲੀ ਹੁਣ ਕਾਂਗਰਸ ਦਾ ਹਿੱਸਾ ਨਹੀਂ ਹਨ ਤੇ ਕਾਂਗਰਸ ਦੀ ਸ਼ਹਿਰੀ ਇਕਾਈ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਬਹੁਤ ਜਲਦੀ ਹੋ ਜਾਵੇਗੀ।