ਨਵੀਂ ਦਿੱਲੀ, 4 ਜੂਨ
ਭਾਜਪਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਹੈ ਕਿ ਉਸ ਨੇ ਕਰੋਨਾ ਤੋਂ ਬਚਾਅ ਦੇ ਟੀਕੇ ਕੋਵੈਕਸੀਨ ਦੀਆਂ 1,40,000 ਖੁਰਾਕਾਂ ਕੇਂਦਰ ਤੋਂ 400 ਰੁਪਏ ’ਚ ਖ਼ਰੀਦ ਕੇ ਅੱਗੇ 20 ਪ੍ਰਾਈਵੇਟ ਹਸਪਤਾਲਾਂ ਨੂੰ 1,060 ਰੁਪਏ ਪ੍ਰਤੀ ਖੁਰਾਕ ਦੇ ਹਿਸਾਬ ਨਾਲ ਵੇਚੀਆਂ ਹਨ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਲੋਕਾਂ ਦੀਆਂ ਲੋੜਾਂ ਦਾ ਅਪਮਾਨ ਕਰਦਿਆਂ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕੋਵਿਡ ਟੈਸਟਿੰਗ ’ਚ ਵੀ ਸਰਕਾਰ ਦੀ ਸ਼ਮੂਲੀਅਤ ਵੱਡੇ ਪੱਧਰ ’ਤੇ ਨਜ਼ਰ ਨਹੀਂ ਆ ਰਹੀ ਹੈ ਜਦਕਿ ਪੰਜਾਬ ’ਚ ਮਹਾਮਾਰੀ ਨੇ ਕਹਿਰ ਢਾਹਿਆ ਹੈ ਅਤੇ ਸਰਕਾਰ ‘ਮੁਨਾਫ਼ਾ’ ਕਮਾਉਣ ਵੱਲ ਧਿਆਨ ਦੇ ਰਹੀ ਹੈ। ਕਾਂਗਰਸ ਪਾਰਟੀ ਦੀ ਅੰਦਰੂਨੀ ਖਿੱਚੋਤਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਸਵਾਲ ਉਠਾਇਆ ਕਿ ਕੀ ਕੈਪਟਨ ਸਰਕਾਰ ਸੂਬੇ ’ਚ ਕੋਵਿਡ-19 ਮਹਾਮਾਰੀ ਨਾਲ ਲੜਨ ਪ੍ਰਤੀ ਵਚਨਬੱਧ ਹੈ ਜਾਂ ਨਹੀਂ। ਭਾਜਪਾ ਆਗੂ ਨੇ ਕਿਹਾ,‘‘ਅੱਜ ਪੂਰੀ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਦਿੱਲੀ ’ਚ ਹੈ। ਪਿੱਛੋਂ ਪੰਜਾਬ ਨੂੰ ਕੌਣ ਦੇਖੇਗਾ? ਆਪਣੀ ਅੰਦਰੂਨੀ ਖਿੱਚੋਤਾਣ ਲਈ ਪੰਜਾਬ ਵਾਸੀਆਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਕਾਂਗਰਸ ਵੱਲੋਂ ਇਹ ਵੱਡਾ ਗੁਨਾਹ ਕੀਤਾ ਜਾ ਰਿਹਾ ਹੈ।’’ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਵੈਕਸੀਨ ਨੀਤੀ ’ਤੇ ਹੋਰਾਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣੀ ਪਾਰਟੀ ਵਾਲੇ ਸੂਬੇ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਸੂਬੇ ਨੂੰ ਕੇਂਦਰ ਨੇ ਹੁਣ ਤੱਕ ਕਰੋਨਾ ਤੋਂ ਬਚਾਅ ਦੇ ਟੀਕਿਆਂ ਦੀਆਂ 22 ਕਰੋੜ ਖੁਰਾਕਾਂ ਮੁਫ਼ਤ ’ਚ ਦਿੱਤੀਆਂ ਹਨ। -ਪੀਟੀਆਈ
ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ
ਚੰਡੀਗੜ੍ਹ (ਟਨਸ): ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵੱਲੋਂ ਨਿੱਜੀ ਹਸਪਤਾਲਾਂ ਨੂੰ ਇਕ ਸਮੇਂ ਦੀ ਸੀਮਤ ਟੀਕਾ ਖੁਰਾਕ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਵਾਪਸ ਲੈ ਲਈਆਂ ਗਈਆਂ ਹਨ। ਹੁਣ 18 ਤੋਂ 44 ਸਾਲ ਦੇ ਵਿਅਕਤੀਆਂ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ’ਚ ਇਹ ਵੈਕਸੀਨ ਮੁਫ਼ਤ ’ਚ ਲਗਾਈ ਜਾਵੇਗੀ। ਸ੍ਰੀ ਸਿੱਧੂ ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਸਟੇਟ ਇੰਚਰਾਜ ਵਿਕਾਸ ਗਰਗ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਪ੍ਰਾਈਵੇਟ ਹਸਪਤਾਲਾਂ ਨੂੰ 42,000 ਖੁਰਾਕਾਂ ਵੰਡੀਆਂ ਗਈਆਂ ਜਿਸ ਵਿੱਚੋਂ ਸਿਰਫ਼ 600 ਖੁਰਾਕਾਂ ਲੋਕਾਂ ਨੂੰ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ ਨੂੰ ਕੋਈ ਨਵੀਂ ਅਲਾਟਮੈਂਟ ਨਾ ਕੀਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਵੈਕਸੀਨ ਦੀ ਖੁਰਾਕ ਤੁਰੰਤ ਵਾਪਸ ਲਈ ਜਾਵੇ। ਸ੍ਰੀ ਸਿੱਧੂ ਨੇ ਭਰੋਸਾ ਦਿਵਾਇਆ ਕਿ ਜਿਵੇਂ ਪੰਜਾਬ ਸਰਕਾਰ ਕੋਵਿਡ ਦੇ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ’ਚ ਬਿਨਾਂ ਕਿਸੇ ਭੇਦ-ਭਾਵ ਤੋਂ ਸਾਰੀਆਂ ਇਲਾਜ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਉਸੇ ਤਰ੍ਹਾਂ ਲਾਭਪਾਤਰੀਆਂ ਦਾ ਟੀਕਾਕਰਨ ਵੀ ਮੁਫ਼ਤ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਬਜਟ 2021-22 ਵਿੱਚ ਐਲਾਨ ਕੀਤਾ ਸੀ ਕਿ ਹਰੇਕ ਯੋਗ ਲਾਭਪਾਤਰੀ ਨੂੰ ਮੁਫ਼ਤ ’ਚ ਟੀਕੇ ਲਗਾਏ ਜਾਣਗੇ। ਲੋਕਾਂ ਦੀ ਭਲਾਈ ਲਈ ਇਸ ਦੇ ਸਾਰੇ ਖ਼ਰਚੇ ਸੂਬਾ ਸਰਕਾਰ ਵਲੋਂ ਚੁੱਕੇ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਨਿੱਜੀ ਹਸਪਤਾਲ ਹੁਣ ਨਿਰਮਾਤਾਵਾਂ ਤੋਂ ਟੀਕੇ ਦੀ ਸਿੱਧੀ ਸਪਲਾਈ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵੱਲੋਂ ਟੀਕਾ ਫੰਡ ਵਿੱਚ ਜਮ੍ਹਾਂ ਕੀਤੀ ਗਈ ਰਕਮ ਜਲਦੀ ਹੀ ਵਾਪਸ ਕਰ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਨਿੱਜੀ ਹਸਪਤਾਲਾਂ ਨੂੰ ਵੈਕਸੀਨ ਵੇਚਣ ਦੇ ਮਾਮਲੇ ’ਤੇ ਸਰਕਾਰ ਦੀ ਤਿੱਖੀ ਆਲੋਚਨਾ ਹੋਈ ਹੈ। ਸ਼੍ਰੋਮਣੀ ਅਕਾਲੀ ਦਲ ਨੇ ਸਿਹਤ ਮੰਤਰੀ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਸੀ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੂਬੇ ਦੀ ਮੁੱਖ ਸਕੱਤਰ ਵਿਨੀ ਮਹਾਜਨ ’ਤੇ ਨਿੱਜੀ ਹਸਪਤਾਲਾਂ ਦੀ ਤਰਫ਼ਦਾਰੀ ਕਰਨ ਦੇ ਦੋਸ਼ ਵੀ ਲਾਏ ਹਨ।
ਕੈਪਟਨ ਸਰਕਾਰ ਨੇ ਲੋਕਾਂ ਦੀ ਜੇਬ ’ਤੇ ਕਰੋੜਾਂ ਦਾ ਡਾਕਾ ਮਾਰਿਆ: ‘ਆਪ’
ਚੰਡੀਗੜ੍ਹ (ਟਨਸ): ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਕੋਟੇ ਦੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਅਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਵੈਕਸੀਨ ਘੁਟਾਲਾ ਕਰਕੇ ਪੰਜਾਬ ਵਾਸੀਆਂ ਦੀਆਂ ਜੇਬਾਂ ’ਤੇ ਕਰੋੜਾਂ ਰੁਪਏ ਦਾ ਡਾਕਾ ਮਾਰਿਆ ਹੈ। ਉਨ੍ਹਾਂ ਵੈਕਸੀਨ ਘੁਟਾਲੇ ਸਬੰਧੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਰਾਸ਼ਟਰੀ ਪ੍ਰਧਾਨ ਤੋਂ ਜੁਆਬ ਮੰਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਘਵ ਚੱਢਾ ਨੇ ਦੋਸ਼ ਲਾਇਆ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਚਨਾਂ ’ਤੇ ਚੱਲ ਕੇ ‘ਆਪਦਾ ਨੂੰ ਅਵਸਰ’ ਬਣਾ ਕੇ ਮੁਸੀਬਤ ਸਮੇਂ ਪੰਜਾਬ ਦੇ ਲੋਕਾਂ ਕੋਲੋਂ ਪੈਸੇ ਲੁੱਟ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਨੂੰ ਸੂਬੇ ’ਚ ਹੋਏ ਵੈਕਸੀਨ ਘੁਟਾਲੇ ਬਾਰੇ ਸਥਿਤੀ ਜ਼ਰੂਰ ਸਪੱਸ਼ਟ ਕਰਨੀ ਚਾਹੀਦੀ ਹੈ।