ਹਰਜੀਤ ਸਿੰਘ
ਜ਼ੀਰਕਪੁਰ, 21 ਦਸੰਬਰ
ਯੂਨੀਅਨਾਂ ਦੀ ਬਹਾਲੀ ਨੂੰ ਲੈ ਕੇ ਲੰਘੇ ਕਈ ਦਿਨਾਂ ਤੋਂ ਧਰਨੇ ’ਤੇ ਬੈਠੇ ਟਰੱਕ ਅਪਰੇਟਰਾਂ ਨੇ ਅੱਜ ਸ਼ਾਮ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਘੇਰ ਲਿਆ। ਸਾਬਕਾ ਮੁੱਖ ਮੰਤਰੀ ਆਪਣੇ ਕਾਫਲੇ ਨਾਲ ਰਾਜਪੁਰਾ ਤੋਂ ਇਕ ਸਿਆਸੀ ਪ੍ਰੋਗਰਾਮ ਵਿੱਚੋਂ ਚੰਡੀਗੜ੍ਹ ਪਰਤ ਰਹੇ ਸੀ ਕਿ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਨੂੰ ਪੌਣਾ ਘੰਟਾ ਘੇਰ ਕੇ ਰੱਖਿਆ।
ਕੈਪਟਨ ਅੱਜ ਰਾਜਪੁਰਾ ਵਿੱਚ ਕਾਂਗਰਸੀ ਆਗੂ ਜਗਦੀਸ਼ ਕੁਮਾਰ ਜੱਗਾ ਨੂੰ ਪੰਜਾਬ ਲੋਕ ਕਾਂਗਰਸ ਪਾਰਟੀ ਵਿੱਚ ਸ਼ਾਮਲ ਕਰ ਕੇ ਸ਼ਾਮੀਂ ਐਰੋਸਿਟੀ ਰੋਡ ਰਾਹੀਂ ਪਰਤ ਰਹੇ ਸੀ ਕਿ ਇਸ ਦੀ ਭਿਣਕ ਇਸੇ ਸੜਕ ’ਤੇ ਧਰਨਾ ਲਾਈ ਬੈਠੇ ਅਪਰੇਟਰਾਂ ਨੂੰ ਪੈ ਗਈ। ਉਨ੍ਹਾਂ ਨੇ ਆਪਣੇ ਧਰਨੇ ਸਾਹਮਣੇ ਹੀ ਸਾਬਕਾ ਮੁੱਖ ਮੰਤਰੀ ਦੇ ਕਾਫਲੇ ਨੂੰ ਘੇਰ ਲਿਆ। ਮੁਜ਼ਾਹਰਾਕਾਰੀਆਂ ਵੱਲੋਂ ਕੈਪਟਨ ਦੇ ਘਿਰਾਓ ਦੀ ਖ਼ਬਰ ਮਿਲਦੇ ਹੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਡੀਐਸਪੀ ਹਰਜਿੰਦਰ ਸਿੰਘ ਗਿੱਲ ਅਤੇ ਥਾਣਾ ਮੁਖੀ ਉਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਮੌਕੇ ’ਤੇ ਪਹੁੰਚੀ। ਮੁਜ਼ਾਹਰਾਕਾਰੀਆਂ ਨੇ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੋਸ਼ ਲਾਇਆ ਕਿ ਯੂਨੀਅਨਾਂ ਨੂੰ ਮੁੱਖ ਮੰਤਰੀ ਰਹਿੰਦੇ ਕੈਪਟਨ ਵੱਲੋਂ ਹੀ ਭੰਗ ਕੀਤਾ ਗਿਆ ਸੀ। ਅਪਰੇਟਰਾਂ ਦਾ ਰੋਹ ਦੇਖਦਿਆਂ ਸਾਬਕਾ ਮੁੱਖ ਮੰਤਰੀ ਆਪਣੇ ਗੱਡੀ ਵਿੱਚ ਬੈਠੇ ਰਹੇ ਤੇ ਪੁਲੀਸ ਦੇ ਪਹੁੰਚਣ ਮਗਰੋਂ ਆਪਣੇ ਗੱਡੀ ਤੋਂ ਕੁਝ ਦੇਰ ਲਈ ਉੱਤਰੇ, ਉਨ੍ਹਾਂ ਪਾਰਟੀ ਦੀ ਸਰਕਾਰ ਆਉਣ ’ਤੇ ਯੂਨੀਅਨਾਂ ਨੂੰ ਮੁੜ ਤੋਂ ਬਹਾਲੀ ਦਾ ਭਰੋਸਾ ਦਿੱਤਾ।
ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ
ਅਪਰੇਟਰ ਯੂਨੀਅਨ ਦੇ ਅਹੁਦੇਦਾਰ ਗੁਰਨਾਮ ਸਿੰਘ, ਸੁਖਵਿੰਦਰ ਸਿੰਘ ਬਰਾੜ ਅਤੇ ਇੰਦਰ ਸਿੰਘ ਸੋਢੀ ਨੇ ਦੱਸਿਆ ਕਿ ਉਹ ਕੈਪਟਨ ਦੇ ਕਾਫਲੇ ਦਾ ਪਿੱਛਾ ਕਰ ਰਹੇ ਸੀ। ਜਿਵੇਂ ਹੀ ਕਾਫਲਾ ਉਨ੍ਹਾਂ ਦੇ ਧਰਨੇ ਨੇੜੇ ਪਹੁੰਚਿਆ ਤਾਂ ਉਨ੍ਹਾਂ ਨੇ ਕੈਪਟਨ ਨੂੰ ਘੇਰ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਹੇਠਾਂ ਉੱਤਰ ਕੇ ਉਨ੍ਹਾਂ ਤੋਂ ਯੂਨੀਅਨਾਂ ਭੰਗ ਕਰਨ ਲਈ ਮੁਆਫੀ ਮੰਗੀ ਤੇ ਸਰਕਾਰ ਆਉਣ ’ਤੇ ਇਸ ਮੰਗ ਸਣੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ।
ਭਾਜਪਾ ਨਾਲ ਸੀਟਾਂ ਦੀ ਵੰਡ ਜਲਦੀ: ਕੈਪਟਨ
ਪਟਿਆਲਾ/ਬਨੂੜ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਦਰਮਿਆਨ ਸੀਟਾਂ ਦੀ ਵੰਡ ਜਲਦੀ ਕੀਤੀ ਜਾ ਰਹੀ ਹੈ। ਇਸ ਸਬੰਧੀ ਦੋਵਾਂ ਪਾਰਟੀਆਂ ਦੇ ਪ੍ਰਮੁੱਖ ਆਗੂਆਂ ਦੀ ਅਗਲੇ ਦੋ ਤਿੰਨ ਦਿਨਾਂ ’ਚ ਮੀਟਿੰਗ ਹੋਣ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਯੁਕਤ ਨਾਲ ਸਮਝੌਤਾ ਭਾਜਪਾ ਆਧਾਰਤ ਹੈ। ਇਸ ਸਬੰਧੀ ਉਨ੍ਹਾਂ ਨਾਲ ਸੁਖਦੇਵ ਸਿੰਘ ਢੀਂਡਸਾ ਜਾਂ ਕਿਸੇ ਹੋਰ ਆਗੂ ਦੀ ਕੋਈ ਗੱਲ ਨਹੀਂ ਹੋਈ। ਉਂਜ ਅਜਿਹੇ ਸਮਝੌਤੇ ’ਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ।