ਸਰਬਜੀਤ ਸਿੰਘ ਭੰਗੂ
ਪਟਿਆਲਾ, 2 ਨਵੰਬਰ
ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਵੱਖਰੀ ਪਾਰਟੀ ਬਣਾਉਣ ਨਾਲ ਸੂਬੇ ਅੰਦਰ ਨਵੇਂ ਸਮੀਕਰਨ ਉੱਭਰ ਆਏ ਹਨ। ਉਂਜ ਨਵੀਂ ਪਾਰਟੀ ਬਣਾਉਣ ਦਾ ਇਤਿਹਾਸ ਉਨ੍ਹਾਂ ਨੇ ਤੀਹ ਸਾਲਾਂ ਬਾਅਦ ਦੁਹਰਾਇਆ ਹੈ। ਪਹਿਲਾਂ 1991 ’ਚ ਵੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਪੰਥਕ) ਨਾਮੀ ਪਾਰਟੀ ਬਣਾਈ ਸੀ।ਅਸਲ ’ਚ ਬਲੂ ਸਟਾਰ ਅਪਰੇਸ਼ਨ ਖ਼ਿਲਾਫ਼ ਲੋਕ ਸਭਾ ਮੈਂਬਰੀ ਤੋਂ ਅਸਤੀਫ਼ਾ ਦੇਣ ਮਗਰੋਂ ਉਹ ਅਕਾਲੀ ਦਲ ਨਾਲ ਜੁੜ ਗਏ। 1992 ਦੀਆਂ ਚੋਣਾਂ ਵਿਚ ਅਕਾਲੀ ਦਲ ਵੱਲੋਂ ਬਾਈਕਾਟ ਕੀਤੇ ਜਾਣ ਕਾਰਨ ਅਮਰਿੰਦਰ ਸਿੰਘ ਨੇ ਵੱਖਰੀ ਪਾਰਟੀ ਬਣਾ ਕੇ ਚੋਣਾਂ ਲੜੀਆਂ ਸਨ। ਅਮਰਿੰਦਰ ਸਿੰਘ ਖ਼ੁਦ ਸਮਾਣਾ ਤੋਂ ਚੋਣ ਲੜੇ ਪਰ ਉਨ੍ਹਾਂ ਦੇ ਮੁਕਾਬਲੇ ਖੜ੍ਹੇ ਬਿਰਜ ਲਾਲ ਗੋਇਲ ਨੂੰ ਕਾਂਗਰਸ ਨੇ ਨਾਮਜ਼ਦਗੀ ਫਾਰਮ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਤੇ ਅਮਰਿੰਦਰ ਸਿੰਘ ਬਿਨਾਂ ਮੁਕਾਬਲਾ ਵਿਧਾਇਕ ਚੁਣੇ ਗਏ। ਕੈਪਟਨ ਦੀ ਪਾਰਟੀ ਦੇ ਦੋ ਹੋਰ ਉਮੀਦਵਾਰ ਵੀ ਵਿਧਾਇਕ ਬਣੇ ਸਨ। ਉਸ ਵਕਤ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਪ੍ਰਚਾਰਿਆ ਗਿਆ ਸੀ ਪਰ ਸਰਕਾਰ ਕਾਂਗਰਸ ਦੀ ਬਣੀ ਤੇ ਬੇਅੰਤ ਸਿੰਘ ਮੁੱਖ ਮੰਤਰੀ ਬਣੇ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਪੰਥਕ ਨੂੰ 1998 ’ਚ ਕਾਂਗਰਸ ਵਿਚ ਮਰਜ਼ ਕਰਦਿਆਂ ਕੈਪਟਨ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਕਾਂਗਰਸ ਦਾ ਸੂਬਾਈ ਪ੍ਰਧਾਨ ਬਣਾਇਆ ਗਿਆ। ਉਨ੍ਹਾਂ ਦੀ ਅਗਵਾਈ ਹੇਠ 2002 ’ਚ ਲੜੀਆਂ ਤੇ ਕਾਂਗਰਸ ਨੇ ਸਰਕਾਰ ਬਣਾਈ। ਅਮਰਿੰਦਰ ਸਿੰਘ ਪਹਿਲੀ ਵਾਰ ਮੁੱਖ ਮੰਤਰੀ ਬਣੇ। ਇਸ ਤੋਂ ਬਾਅਦ ਅਮਰਿੰਦਰ ਸਿੰਘ ਪਟਿਆਲਾ ਸ਼ਹਿਰ ਤੋਂ ਹੀ 2007, 12 ਤੇ 2017 ਵਿੱਚ ਵੀ ਵਿਧਾਇਕ ਬਣੇ ਹੁਣ ਉਹ ਪਟਿਆਲਾ ਦੇ ਵਿਧਾਇਕ ਵਜੋਂ ਹੀ ਦੂਜੀ ਵਾਰ ਮੁੱਖ ਮੰਤਰੀ ਬਣੇ ਸਨ। ਅੱਜ ਵੱਖਰੀ ਪਾਰਟੀ ਬਣਾ ਕੇ ਅਮਰਿੰਦਰ ਸਿੰਘ ਨੇ ਤਿੰਨ ਦਹਾਕਿਆਂ ਮਗਰੋਂ ਨਵੀਂ ਪਾਰਟੀ ਬਣਾਉਣ ਦਾ ਇਤਿਹਾਸ ਦੁਹਰਾਇਆ ਹੈ।