ਅਜੇ ਮਲਹੋਤਰਾ
ਫਤਹਿਗੜ੍ਹ ਸਾਹਿਬ, 24 ਜਨਵਰੀ
ਸਰਹਿੰਦ-ਪਟਿਆਲਾ ਮਾਰਗ ‘ਤੇ ਸਥਿਤ ਪਿੰਡ ਚੌਰਵਾਲਾ ਨੇੜੇ ਹੋਏ ਸੜਕ ਹਾਦਸੇ ਦੌਰਾਨ ਅੱਜ ਸਾਬਕਾ ਫੌਜੀ ਦੀ ਮੌਤ ਹੋ ਗਈ।
ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਪੁੱਤਰ ਚੈਂਚਲ ਸਿੰਘ ਵਾਸੀ ਪਿੰਡ ਅਮਰਾਲੀ ਜ਼ਿਲ੍ਹਾ ਰੂਪਨਗਰ ਨੇ ਪੁਲੀਸ ਕੋਲ ਲਿਖਵਾਏ ਬਿਆਨਾਂ ‘ਚ ਦੱਸਿਆ ਕਿ ਉਸ ਦਾ ਲੜਕਾ ਹੁਸ਼ਿਆਰ ਸਿੰਘ ਆਪਣੇ ਕਿਸੇ ਰਿਸ਼ਤੇਦਾਰ ਦੀ ਸਵਿੱਫਟ ਡਿਜ਼ਾਇਰ ਕਾਰ (ਨੰਬਰ ਪੀ.ਬੀ.11.ਏ.ਯੂ-4382) ਚਲਾ ਕੇ ਪਟਿਆਲਾ ਤੋਂ ਸਰਹਿੰਦ ਵੱਲ ਆ ਰਿਹਾ ਸੀ। ਸਵੇਰੇ ਜਦੋਂ ਉਹ ਪਿੰਡ ਚੌਰਵਾਲਾ ਨੇੜੇ ਪਹੁੰਚਿਆ ਤਾਂ ਕੈਂਟਰ (ਨੰਬਰ ਪੀ.ਬੀ.65.ਏ.ਯੂ-1478) ਚਾਲਕ ਨੇ ਗਲਤ ਸਾਈਡ ਤੋਂ ਵਾਹਨ ਲਿਆ ਕੇ ਉਸ ਦੇ ਲੜਕੇ ਵਾਲੀ ਕਾਰ ‘ਚ ਮਾਰ ਦਿੱਤਾ ਜਿਸ ਕਾਰਨ ਕਾਰ ਨੁਕਸਾਨੀ ਗਈ ਅਤੇ ਉਸ ਦੇ ਪੁੱਤਰ ਹੁਸ਼ਿਆਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਦੇ ਬਿਆਨਾਂ ‘ਤੇ ਮੂਲੇਪੁਰ ਦੀ ਪੁਲੀਸ ਨੇ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰਦਿਆਂ ਕੈਂਟਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਹਾਇਕ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿੱਚ ਲਾਸ਼ ਦਾ ਪੋਸਟਮਾਰਟਮ ਕਰਵਾਉਣ ਮਗਰੋਂ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ।