ਨਿੱਜੀ ਪੱਤਰ ਪ੍ਰੇਰਕ
ਜਲੰਧਰ, 8 ਅਗਸਤ
ਹਿੰਦ-ਪਾਕਿ ਦੋਸਤੀ ਮੰਚ, ਫੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਸਾਫ਼ਮਾ ਤੇ ਪੰਜਾਬ ਜਾਗ੍ਰਿਤੀ ਮੰਚ ਵੱਲੋਂ ਸਰਬੱਤ ਦਾ ਭਲਾ ਟਰੱਸਟ ਤੇ ਨਾਟਸ਼ਾਲਾ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਹਿੰਦ-ਪਾਕਿ ਦੋਸਤੀ ਸੰਮੇਲਨ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਦੱਖਣੀ ਏਸ਼ੀਆ, ਖ਼ਾਸ ਕਰਕੇ ਭਾਰਤ ਤੇ ਪਾਕਿਸਤਾਨ ਦਰਮਿਆਨ ਅਮਨ ਤੇ ਦੋਸਤੀ ਲਈ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੀਆਂ ਇਨ੍ਹਾਂ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ 14 ਅਗਸਤ ਨੂੰ ਸਵੇਰੇ ਨਾਟਸ਼ਾਲਾ ਅੰਮ੍ਰਿਤਸਰ ਵਿੱਚ ‘ਅਜੋਕੀ ਸਥਿਤੀ ਵਿੱਚ ਭਾਰਤ-ਪਾਕਿਸਤਾਨ ਸਬੰਧ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਜਾਵੇਗਾ। ਸੈਮੀਨਾਰ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ, ਪੰਜਾਬ ਦੇ ਪੰਚਾਇਤ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਾਈਦਾ ਹਮੀਦ, ‘ਨਈ ਦੁਨੀਆਂ’ ਦੇ ਸੰਪਾਦਕ ਸ਼ਾਹਿਦ ਸਦੀਕੀ, ਡਾ. ਸੁਖਦੇਵ ਸਿੰਘ ਸਿਰਸਾ ਤੇ ਕਿਸਾਨ ਆਗੂ ਦਰਸ਼ਨ ਪਾਲ ਆਪਣੇ ਵਿਚਾਰ ਪ੍ਰਗਟ ਕਰਨਗੇ।