ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 11 ਅਗਸਤ
ਹਿੰਦ-ਪਾਕਿ ਦੋਸਤੀ ਦੀਆਂ ਮੁੱਦਈ ਜਥੇਬੰਦੀਆਂ ਵੱਲੋਂ ਕਰੋਨਾ ਕਾਲ ਤੋਂ ਬਾਅਦ ਇੱਕ ਵਾਰ ਮੁੜ ਸਰਹੱਦ ਦੇ ਦੋਵੇਂ ਪਾਸੇ 14 ਅਗਸਤ ਦੀ ਰਾਤ ਨੂੰ ਮੋਮਬੱਤੀਆਂ ਜਗਾ ਕੇ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਜਾਵੇਗਾ। ਇਨ੍ਹਾਂ ਜਥੇਬੰਦੀਆਂ ਵਿੱਚ ਸ਼ਾਮਲ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਦੱਸਿਆ ਕਿ 14 ਅਗਸਤ ਨੂੰ ਹਿੰਦ-ਪਾਕਿ ਦੋਸਤੀ ਮੇਲਾ ਮਨਾਉਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਸ ਮੇਲੇ ਵਿੱਚ ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ ਅਤੇ ਹੋਰ ਹਮਖਿਆਲੀ ਜਥੇਬੰਦੀਆਂ ਸ਼ਾਮਲ ਹੋਣਗੀਆਂ। ਉਨ੍ਹਾਂ ਦੱਸਿਆ ਕਿ 14 ਅਗਸਤ ਸਵੇਰੇ ਇਥੇ ਪੰਜਾਬ ਨਾਟਸ਼ਾਲਾ ਵਿੱਚ ‘ਅਜੋਕੀ ਸਥਿਤੀ ਵਿੱਚ ਭਾਰਤ-ਪਾਕਿਸਤਾਨ ਸਬੰਧ’ ਵਿਸ਼ੇ ’ਤੇ ਸੈਮੀਨਾਰ ਹੋਵੇਗਾ। ਇਸ ਮੌਕੇ ਹਿੰਦ-ਪਾਕਿ ਰਿਸ਼ਤਿਆਂ ਦੇ ਸਬੰਧ ਵਿਚ ਚਾਰ ਪੁਸਤਕਾਂ ਵੀ ਜਾਰੀ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਫਿਲਹਾਲ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦੀ ਆਗਿਆ ਨਹੀਂ ਮਿਲੀ ਪਰ ਉਨ੍ਹਾਂ ਦਾ ਯਤਨ ਹੋਵੇਗਾ ਕਿ ਸਰਹੱਦ ਨੇੜੇ ਮੋਮਬੱਤੀਆਂ ਜਗਾਉਣ। ਇਸ ਦੌਰਾਨ ਪਾਕਿਸਤਾਨ ਵਾਲੇ ਪਾਸੇ ਵੀ 14 ਅਗਸਤ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਹਨ। ਹਿੰਦ-ਪਾਕਿ ਦੋਸਤੀ ਮੰਚ ਜਲੰਧਰ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਨੇ ਦੱਸਿਆ ਕਿ ਸੈਮੀਨਾਰ ਵਿਚ ਭਾਰਤ ਦੇ ਸਾਬਕਾ ਰਾਜਦੂਤ ਨਵਦੀਪ ਸਿੰਘ ਸੂਰੀ, ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਸਾਈਦਾ ਹਮੀਦ, ਨਈ ਦੁਨੀਆ ਦੇ ਸੰਪਾਦਕ ਸ਼ਾਹਿਦ ਸਦੀਕੀ, ਪੱਤਰਕਾਰ ਆਸ਼ੂਤੋਸ਼ ਤੇ ਰਾਜਦੀਪ ਸਰਦੇਸਾਈ, ਪ੍ਰੋ. ਬਾਵਾ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਕਿਸਾਨ ਆਗੂ ਦਰਸ਼ਨ ਪਾਲ ਆਪਣੇ ਵਿਚਾਰ ਪ੍ਰਗਟ ਕਰਨਗੇ।