ਕੁਲਦੀਪ ਸਿੰਘ
ਚੰਡੀਗੜ੍ਹ, 6 ਨਵੰਬਰ
ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਕਾਲਜਾਂ ਵਿੱਚ ਕੱਢੀਆਂ ਗਈਆਂ ਸਹਾਇਕ ਪ੍ਰੋਫ਼ੈਸਰਾਂ ਦੀਆਂ ਅਸਾਮੀਆਂ ਲਈ ਆਨਲਾਈਨ ਫਾਰਮ ਭਰਨ ਸਮੇਂ ਉਮੀਦਵਾਰਾਂ ਨੂੰ ਵਿਦਿਅਕ ਯੋਗਤਾ ਵਾਲੇ ਕਾਲਮ ਨੂੰ ਲੈ ਕੇ ਪ੍ਰੇਸ਼ਾਨੀ ਆ ਰਹੀ ਹੈ। ਇਨ੍ਹਾਂ ਅਸਾਮੀਆਂ ਦੇ ਲਈ ਅਪਲਾਈ ਕਰਨ ਵਾਲੇ ਬਹੁਤੇ ਉਮੀਦਵਾਰਾਂ ਦਾ ਕਹਿਣਾ ਹੈ ਕਿ ਵੈੱਬਸਾਈਟ ਉੱਤੇ ਅਪਲਾਈ ਕਰਨ ਲਈ ਮੈਟ੍ਰਿਕ ਤੋਂ ਪੀਐੱਚਡੀ ਤੱਕ ਦੇ ਵੇਰਵੇ ਮੰਗੇ ਗਏ ਹਨ। ਗਰੈਜੂਏਸ਼ਨ ਦੇ ਅੰਕ ਭਰਨ ਸਮੇਂ ਘੱਟੋ-ਘੱਟ ਯੋਗਤਾ (ਜੋ ਕਿ ਨੋਟੀਫਿਕੇਸ਼ਨ ਵਿੱਚ ਦੱਸੀ ਨਹੀਂ ਗਈ) ਮੰਗੀ ਜਾ ਰਹੀ ਹੈ। ਪਰ ਇਸ ਸਹਾਇਕ ਪ੍ਰੋਫ਼ੈਸਰ ਦੀ ਯੋਗਤਾ ਐੱਮਏ ਦੇ ਨਾਲ-ਨਾਲ ‘ਨੈੱਟ’ ਪਾਸ ਹੋਣਾ ਵੀ ਜ਼ਰੂਰੀ ਹੈ।
ਕੁਝ ਉਮੀਦਵਾਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਯੋਗਤਾ ਐੱਮਏ, ਐੱਮ.ਫਿਲ ਦੇ ਨਾਲ ‘ਨੈੱਟ’ ਪਾਸ ਹੈ ਪਰ ਉਨ੍ਹਾਂ ਦੇ ਗਰੈਜੂਏਸ਼ਨ ਦੇ ਅੰਕ 50 ਫ਼ੀਸਦੀ ਤੋਂ ਘੱਟ ਹੋਣ ਕਰਕੇ ਫਾਰਮ ਭਰਨ ਸਮੇਂ ‘ਅਯੋਗ’ ਲਿਖਿਆ ਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਹਾਇਕ ਪ੍ਰੋਫ਼ੈਸਰ ਦੀ ਅਸਾਮੀ ਲਈ ਯੋਗਤਾ ਬੀਏ ਹੀ ਹੈ ਤਾਂ ਫਿਰ ਐੱਮਏ, ਐੱਮ.ਫਿਲ. ਅਤੇ ‘ਨੈੱਟ’ ਪਾਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਉਮੀਦਵਾਰਾਂ ਨੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਉਕਤ ਅਸਾਮੀ ਲਈ ਅਪਲਾਈ ਕਰਨ ਦੀ ਆਖਰੀ ਤਰੀਕ 8 ਨਵੰਬਰ ਹੈ ਪਰ ਗਰੈਜੂਏਸ਼ਨ ਵਾਲੇ ਕਾਲਮ ਵਿੱਚ ਆ ਰਹੀ ਇਸ ਸਮੱਸਿਆ ਦਾ ਹਾਲੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ।
ਉਨ੍ਹਾਂ ਮੰਗ ਕੀਤੀ ਕਿ ਉਕਤ ਗਰੈਜੂਏਸ਼ਨ ਵਾਲੇ ਕਾਲਮ ਬਾਰੇ ਸਹੀ ਹੱਲ ਕੱਢਿਆ ਜਾਵੇ ਅਤੇ ਅਪਲਾਈ ਕਰਨ ਦੀ ਅੰਤਿਮ ਤਾਰੀਖ ਵਿੱਚ ਵਾਧਾ ਕੀਤਾ ਜਾਵੇ।
ਹੈਲਪਲਾਈਨ ਨੰਬਰਾਂ ’ਤੇ ਨਹੀਂ ਚੁੱਕਦੇ ਫੋਨ
ਸਹਾਇਕ ਪ੍ਰੋਫ਼ੈਸਰ ਦੀ ਅਸਾਮੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਕਤ ਗਰੈਜੂਏਸ਼ਨ ਵਾਲੇ ਕਾਲਮ ਭਰਨ ਵਿੱਚ ਆ ਰਹੀ ਸਮੱਸਿਆ ਬਾਰੇ ਉਹ ਉੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਸੁਪਰਡੈਂਟ, ਸੀਨੀਅਰ ਸਹਾਇਕ ਅਤੇ ਕਲਰਕ ਦੇ ਫੋਨ ਨੰਬਰਾਂ ਉਤੇ ਫੋਨ ਕਰਦੇ ਹਨ ਤਾਂ ਕੋਈ ਵੀ ਫੋਨ ਨਹੀਂ ਚੁੱਕਦਾ, ਜਿਸ ਕਾਰਨ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿਕਲ ਰਿਹਾ।
ਸੈਕਟਰੀ ਤੇ ਸਪੈਸ਼ਲ ਸੈਕਟਰੀ ਵੀ ਨਹੀਂ ਚੁੱਕਦੇ ਫੋਨ
ਕਹਿਣ ਨੂੰ ਤਾਂ ਉੱਚ ਸਿੱਖਿਆ ਵਿਭਾਗ ਪੰਜਾਬ ਦੀ ਵੈੱਬਸਾਈਟ ਉਤੇ ਸੈਕਟਰੀ ਉੱਚ ਸਿੱਖਿਆ ਕ੍ਰਿਸ਼ਨ ਕੁਮਾਰ ਆਈਏਐੱਸ ਅਤੇ ਸਪੈਸ਼ਲ ਸੈਕਟਰੀ ਤੇ ਡੀਪੀਆਈ (ਸੀ) ਪਰਮਜੀਤ ਸਿੰਘ ਆਈਏਐੱਸ ਦੇ ਵੀ ਮੋਬਾਈਲ ਫੋਨ ਨੰਬਰ ਦਿੱਤੇ ਹੋਏ ਹਨ ਪਰ ਜਦੋਂ ਇਨ੍ਹਾਂ ਦੋਵੇਂ ਫੋਨ ਨੰਬਰਾਂ ਉਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕ੍ਰਿਸ਼ਨ ਕੁਮਾਰ ਨੇ ਫੋਨ ਨਹੀਂ ਚੁੱਕਿਆ ਅਤੇ ਪਰਮਜੀਤ ਸਿੰਘ ਦਾ ਫੋਨ ‘ਡਜ਼ ਨੌਟ ਐਗਜ਼ਿਸਟ’ ਆ ਰਿਹਾ ਸੀ।