ਜਸਵੰਤ ਜੱਸ
ਫ਼ਰੀਦਕੋਟ, 21 ਫ਼ਰਵਰੀ
ਵਿਧਾਨ ਸਭਾ ਚੋਣਾਂ ਸਮਾਪਤ ਹੋਣ ਮਗਰੋਂ ਉਮੀਦਵਾਰਾਂ ਨੇ ਅੱਜ ਪੂਰਾ ਦਿਨ ਆਪਣੇ ਘਰਾਂ ਵਿੱਚ ਹੀ ਬਿਤਾਇਆ। ਅੱਜ ਕੁਸ਼ਲਦੀਪ ਸਿੰਘ ਢਿੱਲੋਂ ਨੇ ਪੂਰਾ ਦਿਨ ਆਪਣੇ ਪਾਲਤੂ ਘੋੜਿਆਂ ਅਤੇ ਕੁੱਤਿਆਂ ਨਾਲ ਬਿਤਾਇਆ। ਕੁਸ਼ਲਦੀਪ ਸਿੰਘ ਢਿੱਲੋਂ ਨੇ 7 ਘੋੜੇ ਅਤੇ 12 ਕੁੱਤਿਆਂ ਤੋਂ ਇਲਾਵਾ ਹੋਰ ਦੁਰਲੱਭ ਜਾਨਵਰ ਪਾਲੇ ਹੋਏ ਹਨ। ਇਸ ਮੌਕੇ ਕਿੱਕੀ ਢਿੱਲੋਂ ਦੀ ਪਤਨੀ ਅਮਨਜੋਤ ਕੌਰ ਅਤੇ ਬੇਟੀ ਰਾਬੀਆ ਨੇ ਉਨ੍ਹਾਂ ਨੂੰ ਘਰ ਦਾ ਸਾਦਾ ਖਾਣਾ ਵੀ ਬਣਾ ਕੇ ਖੁਆਇਆ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਦੇ ਮਾਤਾ-ਪਿਤਾ ਤੇ ਬੱਚੇ ਚੋਣ ਪ੍ਰਚਾਰ ਲਈ ਅਮਰੀਕਾ ਤੋਂ ਇੱਥੇ ਆਏ ਹੋਏ ਸਨ। ਚੋਣਾਂ ਖਤਮ ਹੋਣ ਮਗਰੋਂ ਗੁਰਦਿੱਤ ਸੇਖੋਂ ਨੂੰ ਅੱਜ ਪਹਿਲੀ ਵਾਰ ਆਪਣੇ ਮਾਪਿਆਂ ਅਤੇ ਛੋਟੇ ਭਰਾ ਹਰਦਿੱਤ ਸਿੰਘ ਸੇਖੋਂ ਨਾਲ ਸਵੇਰ ਦੀ ਚਾਹ ਦਾ ਕੱਪ ਸਾਂਝਾ ਕੀਤਾ। ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਚੋਣ ਰੁਝੇਵੇਂ ਹੋਣ ਕਾਰਨ ਪੰਜਾਂ ਸਾਲਾਂ ਬਾਅਦ ਵਿਦੇਸ਼ ਤੋਂ ਆਏ ਛੋਟੇ ਭਰਾ ਹਰਦਿੱਤ ਸੇਖੋਂ ਅਤੇ ਮਾਤਾ-ਪਿਤਾ ਨੂੰ ਵੀ ਚੰਗੀ ਤਰ੍ਹਾਂ ਨਹੀਂ ਮਿਲ ਸਕਿਆ ਸੀ। ਗੁਰਦਿੱਤ ਸਿੰਘ ਸੇਖੋਂ ਦਾ ਬੇਟਾ ਅਨਮੋਲ ਸਿੰਘ ਸੇਖੋਂ ਵੀ ਅਮਰੀਕਾ ਵਿੱਚ ਪੜ੍ਹਾਈ ਕਰਦਾ ਹੈ। ਤਿੰਨ ਸਾਲ ਤੋਂ ਵਿਦੇਸ਼ ਪੜ੍ਹ ਰਹੇ ਅਨਮੋਲ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਨੇ ਅੱਜ ਪਹਿਲੀ ਵਾਰ ਉਸ ਤੋਂ ਵਿਦੇਸ਼ ਵਿੱਚ ਚੱਲ ਰਹੀ ਪੜ੍ਹਾਈ ਬਾਰੇ ਗੱਲਬਾਤ ਕੀਤੀ।
ਅਕਾਲੀ ਦਲ ਦੇ ਉਮੀਦਵਾਰ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਅੱਜ ਪੂਰਾ ਦਿਨ ਆਪਣੇ ਘਰ ਰਹੇ। ਉਨ੍ਹਾਂ ਆਪਣੀ ਬੇਟੀ ਰਹਿਮਤ ਅਤੇ ਬੇਟੇ ਅੰਗਦ ਨਾਲ ਕੁਝ ਸਮਾਂ ਬਿਤਾਉਣ ਮਗਰੋਂ ਘਰ ਮਿਲਣ ਆਏ ਪਾਰਟੀ ਵਰਕਰਾਂ ਤੇ ਰਿਸ਼ਤੇਦਾਰਾਂ ਨਾਲ ਵੀ ਕੁਝ ਸਮਾਂ ਬਿਤਾਇਆ। ਕੋਟਕਪੂਰਾ ਤੋਂ ਪਹਿਲੀ ਵਾਰ ਚੋਣ ਲੜਨ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ 40 ਦਿਨਾਂ ਦੇ ਚੋਣ ਰੁਝੇਵੇਂ ਤੋਂ ਬਾਅਦ ਅੱਜ ਪੂਰਾ ਦਿਨ ਆਪਣੇ ਘਰ ਗੁਜ਼ਾਰ ਕੇ ਕਾਫ਼ੀ ਸੰਤੁਸ਼ਟ ਹਨ। ਇਸੇ ਤਰ੍ਹਾਂ ਅਕਾਲੀ ਦਲ ਦੇ ਉਮੀਦਵਾਰ ਮਨਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਪਿਛਲੇ 50 ਦਿਨਾਂ ਤੋਂ ਦਿਨ-ਰਾਤ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਸਨ ਅਤੇ ਇਸ ਦਰਮਿਆਨ ਉਨ੍ਹਾਂ ਦਾ ਗਲਾ ਵੀ ਕਾਫ਼ੀ ਖਰਾਬ ਹੋ ਗਿਆ ਸੀ ਅਤੇ ਅੱਜ ਘਰ ਵਿੱਚ ਰਹਿ ਕੇ ਆਰਾਮ ਕੀਤਾ। ਆਮ ਆਦਮੀ ਪਾਰਟੀ ਦੇ ਕੋਟਕਪੂਰਾ ਤੋਂ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਆਪਣੇ ਘਰ ਵਿੱਚ ਰਹਿ ਕੇ ਦਿਨ ਗੁਜ਼ਾਰਿਆ ਅਤੇ ਪੋਲ ਹੋਈਆਂ ਵੋਟਾਂ ਸਬੰਧੀ ਆਪਣੇ ਨੇੜਲੇ ਸਾਥੀਆਂ ਤੇ ਪਾਰਟੀ ਵਰਕਰਾਂ ਤੋਂ ਜਾਣਕਾਰੀ ਹਾਸਲ ਕੀਤੀ।