ਸੁਰਜੀਤ ਮਜਾਰੀ
ਬੰਗਾ, 11 ਫਰਵਰੀ
ਪਿੰਡਾਂ ਵਾਂਗ ਸ਼ਹਿਰਾਂ ਦੇ ਬਾਜ਼ਾਰਾਂ ਵਿੱਚ ਚੋਣ ਪ੍ਰਚਾਰ ਦੌਰਾਨ ਉਮੀਦਵਾਰ ਕਾਫ਼ਲੇ ਬੰਨ੍ਹ ਕੇ ਵੋਟਾਂ ਦੀ ਅਪੀਲ ਕਰ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਦੇ ਨਾਲ ਗਾਹਕਾਂ ਨੂੰ ਵੀ ਮਿਲਿਆ ਜਾਂਦਾ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਕ੍ਰਮਵਾਰ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ, ਚੌਧਰੀ ਤਰਲੋਚਨ ਸਿੰਘ ਸੂੰਢ ਅਤੇੇ ਚੌਧਰੀ ਮੋਹਣ ਲਾਲ ਬਹਿਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਕਾਨਦਾਰਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਸਰਹਾਲ ਅਤੇ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਰਾਜ ਕੁਮਾਰ ਮਾਹਲ ਨੇ ਕਿਹਾ ਕਿ ਬਾਕੀ ਵੋਟਰਾਂ ਵਾਂਗ ਦੁਕਾਨਦਾਰ ਵੀ ਉਨ੍ਹਾਂ ਲਈ ਖਾਸ ਹਨ ਅਤੇ ਉਹ ਦੁਕਾਨਾਂ ’ਤੇ ਜਾ ਕੇ ਦਲੀਲ/ਅਪੀਲ ਰੱਖ ਰਹੇ ਹਨ।
ਦੁਕਾਨਦਾਰ ਵਰਗ ਸਾਰਿਆਂ ਨੂੰ ਜੀ ਆਇਆਂ ਆਖ ਰਹੇ ਹਨ ਅਤੇ ਬਾਜ਼ਾਰਾਂ ਵਿੱਚ ਪਾਰਟੀਆਂ ਦੇ ਝੰਡੇ ਜਾਂ ਪੋਸਟਰ ਨਾ ਲਾ ਕੇ ਆਪਣੀ ਚੋਣ ਨੂੰ ਗੁਪਤ ਰੱਖਿਆ ਜਾ ਰਿਹਾ ਹੈ। ਰੇਲਵੇ ਰੋਡ ਵਾਲੇ ਬਾਜ਼ਾਰ ਦੇ ਦੁਕਾਨਦਾਰ ਮਹਿੰਦਰ ਸਿੰਘ, ਕੁਲਵੀਰ ਚੰਦ ਅਤੇ ਮਹੇੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਲਈ ਕਾਰੋਬਾਰ ਪਹਿਲਾਂ ਹੈ ਅਤੇ ਉਹ ਕਿਸੇ ਇੱਕ ਧਿਰ ਦਾ ਪ੍ਰਚਾਰ ਕਰਕੇੇ ਆਪਣੀ ਗਾਹਕੀ ਖਰਾਬ ਨਹੀਂ ਕਰਨੀ ਚਾਹੁੰਦੇ। ਉਨ੍ਹਾਂ ਕਿਹਾ ਕਿ ਦੁਕਾਨਾਂ ਤੋਂ ਸਾਮਾਨ ਖਰੀਦਣ ਹਰ ਪਾਰਟੀ ਨਾਲ ਜੁੜਿਆ ਗਾਹਕ ਆਉਂਦਾ ਹੈ, ਇਸ ਲਈ ਉਨ੍ਹਾਂ ਨੂੰ ਦੁਕਾਨਾਂ ’ਤੇ ਸਿਆਸੀ ਗੱਲ ਕਰਨਾ ਠੀਕ ਨਹੀਂ ਲੱਗਦਾ।