ਸੁਰਜੀਤ ਮਜਾਰੀ
ਬੰਗਾ, 3 ਫ਼ਰਵਰੀ
ਕਰੋਨਾ ਹਦਾਇਤਾਂ ਅਤੇ ਚੋਣ ਜ਼ਾਬਤੇ ਦੀ ਸਖ਼ਤੀ ਕਾਰਨ ਉਮੀਦਵਾਰ ‘ਅਪਣੱਤ’ ਜ਼ਾਹਿਰ ਕਰਦਿਆਂ ਵੋਟਰਾਂ ਨੂੰ ਭਰਮਾਉਣ ਲਈ ਨਵੇਂ ਢੰਗ ਤਰੀਕੇ ਵਰਤ ਰਹੇ ਹਨ। ਪਹਿਲਾਂ ਜਿੱਥੇ ਉਮੀਦਵਾਰ ਦੂਰੋਂ ਹੱਥ ਹਿਲਾ ਕੇ ਕੰਮ ਸਾਰ ਜਾਂਦੇ ਸਨ, ਉੱਥੇ ਹੁਣ ਉਹ ਘਰ-ਘਰ ਜਾ ਕੇ ਖੁਦ ਕੁੰਡੇ ਖੜਕਾਉਣ ਲਈ ਮਜਬੂਰ ਹਨ। ਵੋਟਰਾਂ ਦੇ ਦਿਲਾਂ ’ਚ ਥਾਂ ਲੈਣ ਲਈ ਪੈਰੀਂ/ਗੋਡੀਂ ਹੱਥ ਲਾਉਣ, ਵਿਹੜਿਆਂ ’ਚ ਖੇਡਦੇ ਬੱਚਿਆਂ ਨੂੰ ਗੋਦੀ ਚੁੱਕਣ ਅਤੇ ਮੰਜੇ ’ਤੇ ਪਏ ਬਜ਼ੁਰਗਾਂ ਦੀਆਂ ਲੱਤਾਂ ਘੁੱਟਣ ਨਾਲ ਨੇੜੇ ਹੋਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਦੇ ਨਾਲ ਹੀ ਪ੍ਰਚਾਰ ਸਮੱਗਰੀ ਕੰਧਾਂ ’ਤੇ ਚਿਪਕਾਉਣ ਦੀ ਥਾਂ ਉਹ ਵੋਟਰਾਂ ਨੂੰ ਹੱਥੀਂ ਫੜਾ ਰਹੇ ਹਨ। ਉਹ ਠੰਢ ਦੇ ਮੌਸਮ ’ਚ ਗਲੀ ਮੁਹੱਲਿਆਂ ’ਚ ਲੱਗੀਆ ਧੂਣੀਆਂ ਉੱਤੇ ਰੁਕ ਕੇ ਵੀ ਆਪਣੀ ਅਪੀਲ ਦਲੀਲ ਕਰਨ ’ਚ ਜੁਟੇ ਦਿਖਾਈ ਦਿੰਦੇ ਹਨ। ਉਨ੍ਹਾਂ ਵੱਲੋਂ ਘਰਾਂ ’ਚ ਸਾਰੇ ਮੈਂਬਰਾਂ ਨਾਲ ਕੀਤੀ ਜਾ ਰਹੀ ਜਾਣ-ਪਛਾਣ ਵਿੱਚ ਬੱਚਿਆਂ ਦੀ ਪੜ੍ਹਾਈ, ਘਰ ਦੇ ਮੁਖੀ ਦੇ ਕਾਰੋਬਾਰ, ਬਜ਼ੁਰਗਾਂ ਦੀ ਸਿਹਤ ਬਾਰੇ ਵੀ ਗੱਲਾਂ ਸ਼ਾਮਲ ਹੁੰਦੀਆਂ ਹਨ।
ਉਮੀਦਵਾਰਾਂ ਵਲੋਂ ਚੋਣ ਪ੍ਰਚਾਰ ਦੌਰਾਨ ਵੋਟਰਾਂ ਪ੍ਰਤੀ ਇਜ਼ਹਾਰ ਕੀਤੇ ਜਾ ਰਹੇ ਉਕਤ ਮੋਹ ’ਤੇ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਤਨਜ਼ ਵੀ ਸਾਹਮਣੇ ਆਏ ਹਨ। ਇੱਥੋਂ ਅਦਾਰਸ਼ ਨਗਰ ਦੀ ਬੇਬੇ ਕਰਤਾਰ ਕੌਰ ਦਾ ਕਹਿਣਾ ਸੀ ਕਿ ਵੋਟਾਂ ਦੇ ਦਿਨਾਂ ’ਚ ਤਾਂ ਉਮੀਦਵਾਰ ਆ ਕੇ ਆਪਣੇ ਬਣਦੇ ਹਨ ਪਰ ਜਿੱਤਣ ਤੋਂ ਬਾਅਦ ਬਦਲ ਜਾਂਦੇ ਹਨ। ਮੁਕੰਦਪੁਰ ਦੇ ਨੌਜਵਾਨ ਬਖਸ਼ਿੰਦਰ ਸਿੰਘ ਨੇ ਕਿਹਾ ਕਿ ਜਿਹੜੇ ਉਮੀਦਵਾਰ ਚੋਣਾਂ ਸਮੇਂ ਵੋਟਰਾਂ ਦੇ ਹਾੜੇ ਕੱਢ ਰਹੇ ਹਨ, ਸੱਤਾ ਉੱਪਰ ਕਾਬਜ਼ ਹੋਣ ਤੋਂ ਬਾਅਦ ਉਹੀ ਆਪਣੀਆਂ ਕੋਠੀਆਂ/ ਦਫ਼ਤਰਾਂ ’ਚੋਂ ਗਾਇਬ ਹੋ ਜਾਂਦੇ ਹਨ।