ਗਗਨਦੀਪ ਅਰੋੜਾ/ਗੁਰਿੰਦਰ ਸਿੰਘ
ਲੁਧਿਆਣਾ, 2 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬਿਜਲੀ ਸਸਤੀ ਕਰਨ ਦੇ ਐਲਾਨ ਤੋਂ ਬਾਅਦ ਅੱਜ ਇੱਥੇ ਸੁਖਬੀਰ ਬਾਦਲ ਨੇ ਵਿਅੰਗ ਕਸਦਿਆਂ ਕਿਹਾ ਕਿ ਬਿਜਲੀ ਤਿੰਨ ਰੁਪਏ ਕਿਉਂ, ਪੰਜ ਰੁਪਏ ਸਸਤੀ ਕਿਉਂ ਨਹੀਂ ਕੀਤੀ ਗਈ, ਲੋਕਾਂ ਨੂੰ ਸਿੱਧਾ ਬਿਜਲੀ ਬਿੱਲ ਤੋਂ ਹੀ ਛੁਟਕਾਰਾ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਬਿਜਲੀ ਸਮਝੌਤੇ ਰੱਦ ਕਰਨੇ ਸੌਖੇ ਨਹੀਂ। ਬੀਤੇ ਸਾਢੇ ਚਾਰ ਸਾਲ ਤੋਂ ਖ਼ੁਦ ਵਿੱਤ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਖ਼ਜ਼ਾਨਾ ਖਾਲੀ ਹੋਣ ਦੀ ਗੱਲ ਕਰਦੇ ਰਹੇ, ਹੁਣ 2 ਮਹੀਨੇ ’ਚ ਖ਼ਜ਼ਾਨਾ ਕਿੱਥੋਂ ਭਰ ਗਿਆ। ਤਿੰਨ ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ ਦੇ ਫ਼ੈਸਲੇ ਨੂੰ ਚੋਣ ਸਟੰਟ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਪੰਜਾਬ ਨੂੰ ਬਰਬਾਦੀ ਵੱਲ ਧੱਕਣ ਬਰਾਬਰ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇਸ ਸਮੇਂ ਪੰਜਾਬ ਸਰਕਾਰ ਨੇ ਪਾਵਰਕੌਮ ਦਾ ਲਗਭਗ 7 ਹਜ਼ਾਰ ਕਰੋੜ ਅਦਾ ਕਰਨਾ ਹੈ, ਜਦੋਂ ਕਿ ਨਵੇਂ ਐਲਾਨ ਤੋਂ ਬਾਅਦ ਪੰਜ ਹਜ਼ਾਰ ਕਰੋੜ ਹੋਰ ਵਧ ਗਿਆ ਹੈ। ਅਜਿਹੇ ’ਚ ਮੁੱਖ ਮੰਤਰੀ ਦੱਸਣ ਕਿ 12 ਹਜ਼ਾਰ ਕਰੋੜ ਰੁਪਏ ਦਾ ਇੰਤਜ਼ਾਮ ਕਿਵੇਂ ਹੋਵੇਗਾ। ਜੀਵੀਕੇ ਦੇ ਨਾਲ ਐਮਓਯੂ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਸ ਨੂੰ ਸਾਈਨ ਕੀਤਾ ਸੀ, ਜੇਕਰ ਇਸ ਕੰਪਨੀ ਨੂੰ ਹਟਾਉਣਾ ਹੈ ਤਾਂ ਐਗਰੀਮੈਂਟ ਅਨੁਸਾਰ ਲਗਭਗ 1700 ਕਰੋੜ ਰੁਪਏ ਦੇਣੇ ਪੈਣਗੇ। ਜੇਕਰ ਪੰਜਾਬ ਸਰਕਾਰ ਦੇ ਖ਼ਜ਼ਾਨੇ ’ਚ ਪੈਸਾ ਹੈ ਤਾਂ ਸ਼ਗਨ ਸਕੀਮ, ਮੋਬਾਈਲ ਫੋਨ ਤੇ ਹੋਰ ਵਾਅਦਿਆਂ ਨੂੰ ਕਿਉਂ ਨਹੀਂ ਪੂਰਾ ਕੀਤਾ ਜਾ ਰਿਹਾ ਹੈ। ਸੁਖਬੀਰ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਭਾਵੇਂ ਸਾਰੇ ਸਮਝੌਤੇ ਰੱਦ ਕਰ ਦੇਣ, ਪਰ ਉਸ ਤੋਂ ਪਹਿਲਾਂ ਪੰਜ ਹਜ਼ਾਰ ਮੈਗਾਵਾਟ ਬਿਜਲੀ ਦਾ ਪ੍ਰਬੰਧ ਤਾਂ ਕਰਨ। ਅਕਾਲੀ ਆਗੂ ਨੇ ਸਵਾਲ ਕੀਤਾ ਕਿ ਕੀ ਪੰਜਾਬ ਦੀ ਜਨਤਾ ਨੂੰ ਹਨੇਰੇ ’ਚ ਰੱਖਿਆ ਜਾ ਰਿਹਾ ਹੈ। ਬਿਨਾਂ ਯੋਜਨਾਬੰਦੀ ਦੇ ਇਸ ਤਰ੍ਹਾਂ ਦੇ ਫੈਸਲੇ ਪੰਜਾਬ ਦੀ ਜਨਤਾ ’ਤੇ ਭਾਰੂ ਪੈਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਪ੍ਰਾਪਤ ਕੀਤੀ ਸੀ ਅਤੇ ਉਸ ਤੋਂ ਬਾਅਦ ਸਾਰੇ ਵਾਅਦਿਆਂ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਸੀ, ਉਸੇ ਤਰ੍ਹਾਂ ਹੁਣ ਚੰਨੀ ਸਰਕਾਰ ਵੱਲੋਂ ਵੀ ਨਿੱਤ ਨਵੇਂ ਨਵੇਂ ਫ਼ੈਸਲੇ ਕੀਤੇ ਜਾ ਰਹੇ ਹਨ। ਸੁਖਬੀਰ ਨੇ ਕਿਹਾ ਕਿ ਸਰਕਾਰ ਸਿਰਫ਼ ਦੋ ਮਹੀਨਿਆਂ ਲਈ ਵਾਅਦੇ ਕਰਕੇ ਵੋਟਾਂ ਹਥਿਆਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਜਿਸ ਤਰੀਕੇ ਨਾਲ ਚੰਨੀ ਸਰਕਾਰ ਦੇ ਫ਼ੈਸਲਿਆਂ ਦੀ ਆਲੋਚਨਾ ਕੀਤੀ ਜਾ ਰਹੀ ਹੈ ਉਸ ਤੋਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਵੀ ਪਤਾ ਹੈ ਕਿ ਚੰਨੀ ਸਰਕਾਰ ਦੇ ਇਹ ‘ਡਰਾਮੇ’ ਉਸ ਨੂੰ ਮੁੜ ਸੱਤਾ ਵਿੱਚ ਨਹੀਂ ਲਿਆ ਸਕਦੇ। ਸੁਖਬੀਰ ਬਾਦਲ ਨੇ ਇਸ ਮੌਕੇ 1984 ਦੇ ਦਿੱਲੀ ਕਤਲੇਆਮ ਨੂੰ ਯਾਦ ਕਰਦਿਆਂ ਕਿਹਾ ਕਿ 37 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਾਂਗਰਸ ਦੀ ਸਰਕਾਰ ਵੇਲੇ ਸੈਂਕੜੇ ਸਿੱਖਾਂ ਦਾ ਕਤਲ ਕੀਤਾ ਗਿਆ ਪਰ ਅੱਜ ਤੱਕ ਇਨਸਾਫ਼ ਨਹੀਂ ਮਿਲਿਆ।
ਡੀਏ ਤੋਂ ਪਹਿਲਾਂ ਮੁਲਾਜ਼ਮਾਂ ਨੂੰ ਬਕਾਇਆ ਦੇਣ ਦੀ ਮੰਗ
ਪੰਜਾਬ ਦੇ ਮੁਲਾਜ਼ਮਾਂ ਨੂੰ 11 ਫੀਸਦੀ ਡੀਏ ਦਾ ਐਲਾਨ ਕਰਨ ’ਤੇ ਬਾਦਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਚਾਰ ਸਾਲ ਦਾ ਲਗਭਗ ਪੰਜ ਹਜ਼ਾਰ ਕਰੋੜ ਰੁਪਏ ਦਾ ਬਕਾਇਆ ਹੈ, ਜੋ ਮੁਲਾਜ਼ਮਾਂ ਨੂੰ ਮਿਲਿਆ ਨਹੀਂ। ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ’ਤੇ ਬਾਦਲ ਨੇ ਕਿਹਾ ਕਿ ਉਹ ਤਾਂ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਤਿੰਨਾਂ ਕਾਨੂੰਨਾਂ ’ਤੇ ਸਰਕਾਰ ਗੁਮਰਾਹ ਕਰ ਰਹੀ ਹੈ। ਸੁਖਬੀਰ ਨੇ ਬੀਐੱਸਐਫ ਨੂੰ ਜ਼ਿਆਦਾ ਅਧਿਕਾਰ ਦੇਣ ’ਤੇ ਤੁਰੰਤ ਕੈਬਨਿਟ ਦੀ ਮੀਟਿੰਗ ਬੁਲਾਉਣ ਦੀ ਮੰਗ ਕੀਤੀ।