ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਨਵੰਬਰ
ਅਕਾਲੀ ਦਲ (ਡੈਮੋਕਰੈਟਿਕ) ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਕਹਿਣਾ ਹੈ ਕਿ ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਜਾਰੀ ਲੜਾਈ ਹੁਣ ਇਕੱਲੇ ਕਿਸਾਨਾਂ ਦੀ ਨਹੀਂ ਰਹੀ, ਬਲਕਿ ਇਹ ਸਮੁੱਚੇ ਪੰਜਾਬੀਆਂ ਦੀ ਲੜਾਈ ਹੋ ਨਿੱਬੜੀ ਹੈ। ਇੱਥੋਂ ਤੱਕ ਕਿ ਪੰਜਾਬ ਪੂਰੇ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਿਹਾ ਹੈ ਤੇ ਇਹ ਮੁੱਦਾ ਹੁਣ ਪੰਜਾਬ ਦੀ ਹੋਂਦ ਦਾ ਮਸਲਾ ਵੀ ਬਣ ਗਿਆ ਹੈ ਜਿਸ ਕਰਕੇ ਸਾਰੀਆਂ ਧਿਰਾਂ ਨੂੰ ਚਾਹੀਦਾ ਹੈ ਕਿ ਉਹ ਗਿਲੇ-ਸ਼ਿਕਵੇ ਭੁਲਾਉਂਦਿਆਂ, ਇਸ ਮੁੱਦੇ ’ਤੇ ਇਕਜੁੱਟ ਹੋ ਕੇ ਲੜਾਈ ਲੜਨ। ਉਨ੍ਹਾਂ ਕਿਹਾ ਕਿ ਲੋਕ ਸ਼ਕਤੀ ਤੋਂ ਵੱਡੀ ਹੋਰ ਕੋਈ ਤਾਕਤ ਨਹੀਂ ਹੈ ਇਸ ਲਈ ਜੇਕਰ ਇਸ ਮੁੱਦੇ ’ਤੇ ਸਮੁੱਚੇ ਪੰਜਾਬੀ ਇਕਜੁੱਟ ਹੋ ਜਾਣ ਤਾਂ ਲਾਜ਼ਮੀ ਹੀ ਕੇਂਦਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਸਕਦੇ ਹਨ।
ਸ਼ੰਭੂ ਬੈਰੀਅਰ ’ਤੇ ਅਦਾਕਾਰ ਦੀਪ ਸਿੱਧੂ ਦੀ ਅਗਵਾਈ ਹੇਠਾਂ ਮਹੀਨੇ ਭਰ ਤੋਂ ਪੱਕਾ ਮੋਰਚਾ ਲਾ ਕੇ ਬੈਠੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਢੀਂਡਸਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਾਕਾਇਦਾ ਪੱਤਰ ਲਿਖ ਕੇ ਅਕਾਲੀ ਦਲ (ਡੈਮੋਕਰੈਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸਮੁੱਚੇ ਦੇਸ਼ ਅੰਦਰ ਸਿਆਸੀ ਮਾਹੌਲ ਸਿਰਜਣ ਦੀ ਪਹਿਲਕਦਮੀ ਕੀਤੀ ਸੀ। ਊਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਕਾਰਾਤਮਕ ਢੰਗ ਨਾਲ ਗੱਲਬਾਤ ਕਰਦਿਆਂ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਉਨ੍ਹਾਂ ਦੇ ਤੌਖਲੇ ਦੂਰ ਕਰੇ ਤਾਂ ਜੋ ਅਣਸੁਖਾਵੇਂ ਬਣਦੇ ਜਾ ਰਹੇ ਹਾਲਾਤ ਨੂੰ ਮੁੜ ਤੋਂ ਸਦਭਾਵਨਾ ਭਰੇ ਮਾਹੌਲ ’ਚ ਢਾਲ਼ਿਆ ਜਾ ਸਕੇ, ਜੋ ਦੇਸ਼ ਦੇ ਹਿੱਤ ’ਚ ਹੈ। ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ 26 ਅਤੇ 27 ਨਵੰਬਰ ਨੂੰ ਦਿੱਲੀ ਦਾ ਘਿਰਾਓ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਦੀ ਡਟ ਕੇ ਹਮਾਇਤ ਕਰਦਿਆਂ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਵਰਕਰ ਕਿਸਾਨਾਂ ਦੇ ਜਥਿਆਂ ਨਾਲ ਹੁੰਮਹੁਮਾ ਕੇ ਉਥੇ ਪੁੱਜਣਗੇ। ਸ੍ਰੀ ਢੀਂਡਸਾ ਨੇ ਬਿਨਾਂ ਕਿਸੇ ਦਾ ਨਾਂ ਲਏ ਬਾਦਲਕਿਆਂ ’ਤੇ ਤਨਜ਼ ਕਸਦਿਆਂ ਕਿਹਾ ਕਿ ਸੜਕਾਂ ’ਤੇ ਪਰਿਵਾਰਾਂ ਸਮੇਤ ਆਪਣੇ ਦਰਦ ਲਈ ਬੈਠੇ ਕਿਸਾਨਾਂ ਦੇ ਘੋਲ ਨੂੰ ਢਾਹ ਲਾਉਣ ਲਈ ਟੇਢੇ ਢੰਗ ਨਾਲ਼ ਰਾਜਨੀਤੀ ਕਰ ਰਹੇ ਰਾਜਸੀ ਆਗੂਆਂ ਦੇ ਅਜਿਹੇ ਮਨਸੂਬੇ ਵੀ ਜੱਗ ਜ਼ਾਹਿਰ ਹੋ ਗਏ ਹਨ। ਅੰਤ ’ਚ ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਦ੍ਰਿੜ੍ਹ ਸੰਘਰਸ਼ ਮੂਹਰੇ ਕੇਂਦਰ ਸਰਕਾਰ ਨੂੰ ਆਖਰ ਝੁਕਣਾ ਹੀ ਪਵੇਗਾ।
ਇਸ ਮੌਕੇ ਸੁਖਵੰਤ ਸਰਾਓ, ਗੁਰਸੇਵ ਹਰਪਾਲਪੁਰ, ਤੇਜਿੰਦਰਪਾਲ ਸੰਧੂ, ਨਾਹਰ ਸਿੰਘ ਮਾਜਰੀ, ਰਣਧੀਰ ਸਮੂਰਾਂ, ਸਤਿਗੁਰ ਨਮੋਲ, ਰਣਧੀਰ ਰੱਖੜਾ ਮੌਜੂਦ ਸਨ।
ਕਿਸਾਨ ਯੂਨੀਅਨ ਨੇ ਘਰ ਘਰ ਜਾ ਕੇ ਫ਼ੰਡ ਇਕੱਠਾ ਕੀਤਾ
ਟੱਲੇਵਾਲ (ਲਖਵੀਰ ਸਿੰਘ ਚੀਮਾ): ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਲਗਾਤਾਰ ਸੰਘਰਸ਼ ਜਾਰੀ ਹੈ। ਇਸੇ ਸੰਘਰਸ਼ ਦੌਰਾਨ ਧਰਨਿਆਂ ਦੇ ਪ੍ਰਬੰਧਾਂ ਲਈ ਵੱਡੇ ਪੱਧਰ ’ਤੇ ਫ਼ੰਡ ਦੀ ਲੋੜ ਪੈ ਰਹੀ ਹੈ ਜਿਸ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਪਿੰਡ ਚੀਮਾ ਇਕਾਈ ਨੇ ਘਰ ਘਰ ਜਾ ਕੇ ਫ਼ੰਡ ਇਕੱਠਾ ਕੀਤਾ। ਇਸ ਮੌਕੇ ਬਲਾਕ ਆਗੂ ਬਲਵੰਤ ਸਿੰਘ ਨੰਬਰਦਾਰ ਅਤੇ ਇਕਾਈ ਪ੍ਰਧਾਨ ਹਰਬੰਸ ਸਿੰਘ ਹਰੀ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ ਨੂੰ ਜਿੱਥੇ ਕਿਸਾਨ ਖ਼ੁਦ ਧਰਨਿਆਂ ਵਿੱਚ ਪਹੁੰਚ ਕੇ ਹੁਲਾਰਾ ਦੇ ਰਹੇ ਹਨ ਉਥੇ ਇਸ ਸੰਘਰਸ਼ ਲਈ ਖ਼ਰਚਿਆਂ ਵਿੱਚ ਵੀ ਯੋਗਦਾਨ ਪਾ ਰਹੇ ਹਨ। ਇਸ ਮੌਕੇ ਹਰਦੇਵ ਸਿੰਘ ਨੰਬਰਦਾਰ, ਗੁਰਮੀਤ ਸਿੰਘ ਨੰਬਰਦਾਰ, ਦਰਸ਼ਨ ਸਿੰਘ ਅਤੇ ਬਹਾਦਰ ਸਿੰਘ ਵੀ ਹਾਜ਼ਰ ਸਨ।