ਪਰਸ਼ੋਤਮ ਬੱਲੀ/ਰਵਿੰਦਰ ਰਵੀ
ਬਰਨਾਲਾ, 17 ਫਰਵਰੀ
ਲੋਕਾਂ ਨੂੰ ਚੋਣਾਂ ਤੋਂ ਝਾਕ ਛੱਡ ਕੇ ਵਿਸ਼ਾਲ ਤੇ ਸਾਂਝੇ ਘੋਲਾਂ ਦੇ ਰਾਹ ਪੈਣ ਦਾ ਸੱਦਾ ਦੇਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਅੱਜ ਇੱਥੇ ਦਾਣਾ ਮੰਡੀ ’ਚ ਵਿਸ਼ਾਲ ਲੋਕ-ਕਲਿਆਣ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ, ਖੇਤ ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਮੁਲਾਜ਼ਮਾਂ ਸਨਅਤੀ ਕਾਮਿਆਂ, ਠੇਕਾ ਕਾਮਿਆਂ ਤੇ ਹੋਰ ਕਿਰਤੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਲੋਕਾਂ ਦੇ ਬੁਨਿਆਦੀ ਤੇ ਅਹਿਮ ਮੁੱਦੇ ਉਭਾਰਦਿਆਂ ਕਿਹਾ ਕਿ ਲੋਕਾਂ ਅਤੇ ਮੁਲਕ ਦੇ ਕਲਿਆਣ ਲਈ ਤਿੱਖੇ ਜ਼ਮੀਨੀ ਸੁਧਾਰਾਂ ਰਾਹੀਂ ਖੇਤੀ ਤੋਂ ਜਗੀਰਦਾਰਾਂ ਤੇ ਕਾਰਪੋਰੇਟਾਂ ਦਾ ਕਬਜ਼ਾ ਖਤਮ ਕਰਕੇ ਲੋੜਵੰਦ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਜ਼ਮੀਨੀ ਤੋਟ ਪੂਰੀ ਕਰਨ, ਸੂਦਖੋਰੀ ਪ੍ਰਬੰਧ ਦਾ ਖਾਤਮਾ ਕਰਨ ਵਰਗੇ ਕਦਮ ਚੁੱਕਣਾ ਸਭ ਤੋਂ ਵੱਧ ਜ਼ਰੂਰੀ ਹੈ।
ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪਿਛਲੇ 70 ਸਾਲਾਂ ਦੌਰਾਨ ਸੰਸਦ ਜਾਂ ਵਿਧਾਨ ਸਭਾਵਾਂ ਵੱਲੋਂ ਲੋਕਾਂ ਦੇ ਬੁਨਿਆਦੀ ਮੁੱਦਿਆਂ ’ਤੇ ਕਦੇ ਵੀ ਲੋਕ-ਪੱਖੀ ਫ਼ੈਸਲਾ ਜਾਂ ਕਾਨੂੰਨ ਨਹੀਂ ਲਿਆਂਦੇ ਗਏ ਅਤੇ ਨਾ ਹੀ ਕਿਸੇ ਵੀ ਹਾਕਮ ਜਮਾਤੀ ਪਾਰਟੀ ਜਾਂ ਹਕੂਮਤ ਵੱਲੋਂ ਕਦੇ ਕੋਈ ਗੰਭੀਰ ਯਤਨ ਹੋਏ ਹਨ। ਬੀਕੇਯੂ (ਏਕਤਾ-ਉਗਰਾਹਾਂ) ਦੇ ਮਹਿਲਾ ਵਿੰਗ ਦੀ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਇਨ੍ਹਾਂ ਘੋਲਾਂ ’ਚ ਔਰਤਾਂ ਨੇ ਨਾ ਸਿਰਫ ਲਾਮਿਸਾਲ ਸ਼ਮੂਲੀਅਤ ਹੀ ਕੀਤੀ ਹੈ, ਸਗੋਂ ਦ੍ਰਿੜ੍ਹਤਾ ਨਾਲ ਡਟਣ ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ’ਚ ਵੀ ਅਹਿਮ ਹਿੱਸਾ ਪਾਇਆ ਹੈ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ, ਪੀਐੱਸਯੂ (ਸ਼ਹੀਦ ਰੰਧਾਵਾ) ਦੇ ਆਗੂ ਹੁਸ਼ਿਆਰ ਸਿੰਘ ਸਲੇਮਗੜ੍ਹ, ਠੇਕਾ ਮੁਲਾਜ਼ਮ ਮੋਰਚੇ ਦੇ ਆਗੂ ਜਗਰੂਪ ਸਿੰਘ, ਡੀਟੀਐੱਫ ਦੇ ਸੂਬਾ ਪ੍ਰਧਾਨ ਦਿਗਵਿਜੈ ਸ਼ਰਮਾ ਅਤੇ ਟੀਐੱਸਯੂ ਦੇ ਸੂਬਾ ਪ੍ਰਧਾਨ ਭਰਪੂਰ ਸਿੰਘ ਨੇ ਵੀ ਸੰਬੋਧਨ ਕੀਤਾ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਸ਼ਿੰਗਾਰਾ ਸਿੰਘ ਮਾਨ ਨੇ ਬਾਖੂਬੀ ਨਿਭਾਈ।
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਚੰਨੀ ਖ਼ਿਲਾਫ਼ ਕੱਢਿਆ ਰੋਸ ਮਾਰਚ
ਭਦੌੜ (ਰਾਜਿੰਦਰ ਵਰਮਾ): ਸਰਕਾਰਾਂ ਵੱਲੋਂ ਮੁਲਾਜ਼ਮਾਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਅੱਜ ਹਲਕਾ ਭਦੌੜ ਦੇ ਦਰਜਨਾਂ ਪਿੰਡਾਂ ’ਚ ਸਮੁੱਚੇ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨੇ ਰੋਸ ਮਾਰਚ ਕੀਤਾ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇੱਕ ਤੋਂ ਬਾਅਦ ਦੂਜੇ ਪਿੰਡ ਵਿੱਚ ਜਾ ਰਹੇ ਮੁਲਾਜ਼ਮਾਂ ਦੇ ਕਾਫ਼ਲੇ ਨੇ ਭਾਵੇਂ ਚੰਨੀ ਸਰਕਾਰ ਨੂੰ ਮੁੱਖ ਤੌਰ ’ਤੇ ਨਿਸ਼ਾਨਾ ਬਣਾਇਆ ਪਰ ਬੁਲਾਰਿਆਂ ਨੇ ਸਭ ਲੋਟੂ ਪਾਰਟੀਆਂ ਦਾ ਵੀ ਪਰਦਾਫਾਸ਼ ਕੀਤਾ। ਸਾਰੀਆਂ ਸਰਕਾਰਾਂ ਵੱਲੋਂ ਦੇਸ਼ ਨੂੰ ਸਾਮਰਾਜੀ ਡਾਕੂਆਂ ਕੋਲ ਗਹਿਣੇ ਧਰਨ ਲਈ ਇਕਮੱਤ ਸਰਕਾਰਾਂ ਤੋਂ ਭਲੇ ਦੀ ਝਾਕ ਛੱਡ ਕੇ ਜਥੇਬੰਦੀਆਂ ਅਤੇ ਤਿੱਖੇ ਸੰਘਰਸ਼ਾਂ ਉਪਰ ਟੇਕ ਰੱਖਣ ’ਤੇ ਜ਼ੋਰ ਦਿੱਤਾ। ਬੁਲਾਰਿਆਂ ਵਿੱਚ ਡੀਟੀਐੱਫ ਦੇ ਸੂਬਾ ਆਗੂ ਡਾ. ਹਰਦੀਪ ਟੋਡਰਪੁਰ, ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਸੁਖਪੁਰਾ, ਰਾਜੀਵ ਕੁਮਾਰ, ਗੁਰਮੇਲ ਸਿੰਘ ਭੁਚਾਲ, ਪਸਸਫ ਦੇ ਸੂਬਾ ਆਗੂ ਕਰਮਜੀਤ ਸਿੰਘ ਬੀਹਲਾ, ਜੀਟੀਯੂ ਦੇ ਹਰਿੰਦਰ ਮੱਲ੍ਹੀਆਂ, ਅਨਿਲ ਕੁਮਾਰ, ਪੈਨਸ਼ਨਰ ਯੂਨੀਅਨ ਦੇ ਰਣਧੀਰ ਸਿੰਘ, ਡੀਐੱਮਐੱਫ ਦੇ ਸੂਬਾ ਆਗੂ ਜੁਗਰਾਜ ਟੱਲੇਵਾਲ, ਮਿਲਖਾ ਸਿੰਘ ਆਦਿ ਸ਼ਾਮਲ ਸਨ।