ਦਵਿੰਦਰ ਪਾਲ
ਚੰਡੀਗੜ੍ਹ, 20 ਅਕਤੂਬਰ
ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਭਾਜਪਾ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਸਣੇ ਸਵਾ ਸੌ ਤੋਂ ਵੱਧ ਥਾਵਾਂ ’ਤੇ ਜਾਰੀ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਦਿੱਲੀ ਦੇ ਕਿਸਾਨੀ ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਤੋਂ ਵਹੀਰਾਂ ਘੱਤਣ ਦਾ ਸੱਦਾ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਕਿਸਾਨਾਂ ਦੇ ਕਾਫ਼ਲੇ ਦਿੱਲੀ ਵੱਲ ਰਵਾਨਾ ਹੋ ਵੀ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਜ਼ਿਸ਼ਾਂ ਫੇਲ੍ਹ ਕਰਨ ਲਈ ਹੁਣ ਜ਼ਰੂਰੀ ਹੋ ਗਿਆ ਹੈ ਕਿ ਟਿਕਰੀ ਅਤੇ ਸਿੰਘੂ ਮੋਰਚਿਆਂ ਨੂੰ ਮਜ਼ਬੂਤ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਕਿ ਸਿੰਘੂ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਬੌਖਲਾਈ ਹੋਈ ਸਰਕਾਰ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਲਈ ਕਿਸੇ ਵੀ ਹੱਦ ਤੱਕ ਨਿਘਰ ਸਕਦੀ ਹੈ। ਉਨ੍ਹਾਂ ਕਿਹਾ ਕਿ ਤਾਜ਼ਾ ਤੱਥ ਸਾਹਮਣੇ ਆਉਣ ਮਗਰੋਂ ਇਹ ਜੱਗ-ਜ਼ਾਹਰ ਹੈ ਕਿ ਇਸ ਘਟਨਾ ਦੇ ਸੂਤਰਧਾਰ ਬਹੁਤ ਸਮੇਂ ਤੋਂ ਸਰਕਾਰ ਨਾਲ ਘਿਓ-ਖਿਚੜੀ ਸਨ। ਕਿਸਾਨਾਂ ਨੇ ਦੋਸ਼ ਲਾਇਆ ਕਿ ਸਰਕਾਰ ਨੇ ਨੈਤਿਕਤਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਦਿੱਤੀ ਹੈ। ਸਾਜ਼ਿਸ਼ਾਂ ਰਚਣ ਲਈ ਸਰਕਾਰ ਕੋਲ ਖੁਫ਼ੀਆ ਏਜੰਸੀਆਂ ਸਣੇ ਸਾਧਨਾਂ ਦੀ ਬਹੁਤ ਭਰਮਾਰ ਹੈ ਪਰ ਸਾਡਾ ਏਕਾ ਹੀ ਸਾਡੀ ਤਾਕਤ ਹੈ। ਇਸ ਏਕੇ ਨੂੰ ਮਜ਼ਬੂਤ ਕਰਨ ਲਈ ਇੱਕ ਵਾਰ ਫਿਰ ਦਿੱਲੀ ਚੱਲੋ ਦੇ ਨਾਅਰੇ ’ਤੇ ਅਮਲ ਕੀਤਾ ਜਾਵੇ। ਬੁਲਾਰਿਆਂ ਨੇ ਕਿਸਾਨ ਵਿਰੋਧੀ ਤਾਕਤਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਜਾਂ ਹਿੰਸਾ ਕਿਸਾਨ ਅੰਦੋਲਨ ਨੂੰ ਫੇਲ੍ਹ ਨਹੀਂ ਕਰ ਸਕਦੀ।
ਅੱਜ ਸੰਘਰਸ਼ੀ ਅਖਾੜਿਆਂ ਮਹਾਰਿਸ਼ੀ ਵਾਲਮੀਕਿ ਦੇ ਜਨਮ ਦਿਨ ਮਨਾਇਆ ਗਿਆ। ਆਗੂਆਂ ਨੇ ਕਿਹਾ ਕਿ ਵਾਲਮੀਕਿ ਨੇ ਸਾਂਝੀਵਾਲਤਾ, ਸਮਾਜਿਕ ਸਦਭਾਵਨਾ ਤੇ ਬਰਾਬਰੀ ਦੇ ਸਦੀਵੀ ਸੁਨੇਹੇ ਦਿੱਤੇ ਤੇ ਸਾਨੂੰ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਪਨਾਉਣਾ ਚਾਹੀਦਾ ਹੈ।
ਲਖੀਮਪੁਰ ਖੀਰੀ ਦੇ ਸ਼ਹੀਦਾਂ ਦੀਆਂ ਅਸਥੀਆਂ ਏਲਨਾਬਾਦ ਪੁੱਜੀਆਂ
ਏਲਨਾਬਾਦ (ਜਗਤਾਰ ਸਮਾਲਸਰ): ਲਖੀਮਪੁਰ ਖੀਰੀ ਹਿੰਸਾ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਅਸਥੀ ਕਲਸ਼ ਯਾਤਰਾ ਅੱਜ ਇੱਥੇ ਪੁੱਜੀ। ਇਹ ਯਾਤਰਾ ਸ਼ਹੀਦ ਊਧਮ ਸਿੰਘ ਚੌਕ ਤੋਂ ਸ਼ੁਰੂ ਹੋ ਕੇ ਬਾਈਪਾਸ, ਅੰਬੇਡਕਰ ਚੌਕ, ਸਿਰਸਾ ਰੋਡ, ਪੰਜਮੁਖੀ ਚੌਕ, ਮੇਨ ਬਾਜ਼ਾਰ, ਟਿੱਬੀ ਅੱਡਾ ਹੁੰਦੀ ਹੋਈ ਹਲਕੇ ਦੇ ਪਿੰਡਾਂ ਵੱਲ ਰਵਾਨਾ ਹੋਈ। ਇਹ ਕਲਸ਼ ਯਾਤਰਾ ਏਲਨਾਬਾਦ ਤੋਂ ਬਾਅਦ ਮੌਜੂ ਕੀ ਢਾਣੀ, ਤਲਵਾੜਾ, ਥੋਬਰੀਆ, ਮਿਰਜ਼ਾਪੁਰ, ਅੰਮ੍ਰਿਤਸਰ, ਪ੍ਰਤਾਪ ਨਗਰ, ਬੁੱਢੀ ਮਾੜੀ, ਮੌਜੂਖੇੜਾ, ਕਿਰਪਾਲ ਪੱਟੀ, ਕੋਟਲੀ, ਕੇਸ਼ੂਪੁਰਾ ਅਤੇ ਮੱਲੇਕਾ ਹੁੰਦੀ ਹੋਈ ਏਲਨਾਬਾਦ ਹਲਕੇ ਦੇ ਹਰੇਕ ਪਿੰਡ ਵਿੱਚ ਪਹੁੰਚੇਗੀ।