ਨਿੱਜੀ ਪੱਤਰ ਪ੍ਰੇਰਕ
ਜਲੰਧਰ, 5 ਅਗਸਤ
ਇੱਥੇ ਅੱਜ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਬਾਮਸੇਫ ਜੱਥੇਬੰਦੀਆਂ ਨੇ ਸਾਂਝੇ ਤੌਰ ’ਤੇ ਐਲਾਨ ਕੀਤਾ ਕਿ ਉਹ ਸਾਂਝੀ ਰਣਨੀਤੀ ਘੜਨ ਲਈ 14 ਅਗਸਤ ਨੂੰ ਜਲੰਧਰ ਵਿੱਚ ਕਾਨਫ਼ਰੰਸ ਅਤੇ ਮਾਰਚ ਕਰਨਗੇ। ਅੱਜ ਇੱਥੇ ਦਲ ਖ਼ਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ, ਜਥੇਬੰਦਕ ਸਕੱਤਰ ਰਣਵੀਰ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ, ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਡਰੌਲੀ, ਬਾਮਸੇਫ ਵੱਲੋਂ ਰਜਿੰਦਰ ਰਾਣਾ ਅਤੇ ਰਾਮ ਸਿੰਘ ਬੋਲੀਨਾ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਧਾਰਮਿਕ ਘੱਟ-ਗਿਣਤੀ ਕੌਮਾਂ ਅਤੇ ਮੂਲ-ਵਾਸੀਆਂ ’ਤੇ ਭਾਰਤ ਦੇ ਸ਼ਾਸ਼ਕਾਂ ਵੱਲੋਂ ਜ਼ਿਆਦਤੀਆਂ ਅਤੇ ਜ਼ੁਲਮ ਕੀਤੇ ਜਾ ਰਹੇ ਹਨ। 15 ਅਗਸਤ ਦੇ ਜਸ਼ਨਾਂ ਦੇ ਬਾਈਕਾਟ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਬੰਦੀ ਸਿੰਘ ਬੰਦੀ ਹੀ ਹਨ। ਦਰਿਆਈ ਪਾਣੀਆਂ ਨੂੰ ਲੁੱਟਣ ਤੋਂ ਬਾਅਦ ਹੁਣ ਕੇਂਦਰ ਸਰਕਾਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੂੰ ਹੜੱਪਣ ਦੀ ਤਿਆਰੀ ਵਿੱਚ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਤਹਿਤ ਮੂਲ ਵਾਸੀਆਂ ਨੂੰ ਗੁਲਾਮ ਬਣਾ ਕੇ ਰੱਖਿਆ ਗਿਆ ਹੈ। ਇੰਡੀਅਨ ਸਟੇਟ ਸੋਸ਼ਲ ਮੀਡੀਆ (ਫੇਸਬੁਕ ਤੇ ਟਵਿੱਟਰ) ਨੂੰ ਬਲੈਕਮੇਲ ਕਰਕੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹੀ ਜਾ ਰਹੀ ਹੈ।