ਮਕਬੂਲ ਅਹਿਮਦ
ਕਾਦੀਆਂ, 17 ਅਗਸਤ
ਅਹਿਮਦੀਆ ਮੁਸਲਿਮ ਜਮਾਤ ਦੇ ਕੌਮਾਂਤਰੀ ਸੰਮੇਲਨ ਨੂੰ ਜਮਾਤ-ਏ-ਅਹਿਮਦੀਆ ਦੇ ਪੰਜਵੇਂ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਨੇ ਮੁਸਲਿਮ ਟੈਲੀਵਿਜ਼ਨ ‘ਅਹਿਮਦੀਆ’ ਦੇ ਸਿੱਧੇ ਪ੍ਰਸਾਰਨ ਰਾਹੀਂ ਸੰਬੋਧਨ ਕੀਤਾ।
ਜਮਾਤ-ਏ-ਅਹਿਮਦੀਆ ਦੇ ਬੁਲਾਰੇ ਕੇ. ਤਾਰਿਕ ਅਹਿਮਦ ਨੇ ਦੱਸਿਆ ਕਿ ਕੋਵਿਡ-19 ਕਾਰਨ ਅਹਿਮਦੀਆ ਜਮਾਤ ਦੇ ਵਫ਼ਦ ਇਸ ਸਾਲ ਸੰਮੇਲਨ ਲਈ ਲੰਡਨ ਨਹੀਂ ਜਾ ਸਕੇ ਤੇ ਇਸ ਸਾਲ ਸਾਲਾਨਾ ਜਲਸਾ ਨਹੀਂ ਕੀਤਾ ਜਾ ਸਕਿਆ। ਸੱਤ ਤੋਂ ਨੌਂ ਅਗਸਤ ਨੂੰ ਹੋਣ ਵਾਲੇ ਸਾਲਾਨਾ ਸੰਮੇਲਨ ਦੇ ਦਿਨਾਂ ਦੌਰਾਨ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਸੱਤ ਅਗਸਤ ਨੂੰ ਇਸਲਾਮਾਬਾਦ, ਟਿਲਫੋਰਡ ਵਿੱਚ ਮੁਬਾਰਕ ਮਸਜਿਦ ਤੋਂ ਅਤੇ ਮਗਰੋਂ ਇਸਲਾਮਾਬਾਦ ਕੰਪਲੈਕਸ ਦੇ ਮਸਰੂਰ ਹਾਲ ਤੋਂ ਸੰਬੋਧਨ ਕੀਤਾ। ਦੋਵੇਂ ਸਮਾਗਮ ਅਹਿਮਦੀਆ ਮੁਸਲਮਾਨਾਂ ਦੇ ਛੋਟੇ ਇਕੱਠ ਸਾਹਮਣੇ ਹੋਏ।
ਸਿੱਧੇ ਪ੍ਰਸਾਰਨ ਦੌਰਾਨ ਉਨ੍ਹਾਂ ਨੇ ਅਹਿਮਦੀਆ ਭਾਈਚਾਰੇ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਦੱਸਿਆ ਕਿ ਕੋਵਿਡ-19 ਦੀਆਂ ਚੁਣੌਤੀਆਂ ਦੇ ਬਾਵਜੂਦ ਪਿਛਲੇ ਸਾਲ ਕਈ ਲੋਕ ਅਹਿਮਦੀਆ ਜਮਾਤ ਵਿਚ ਸ਼ਾਮਲ ਹੋਏ ਸਨ। ਉਨ੍ਹਾਂ ਨੇ ਦੁਨੀਆਂ ਭਰ ਵਿਚ ਅਹਿਮਦੀਆ ਜਮਾਤ ਵੱਲੋਂ ਮਾਨਵਤਾ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਇਨਸਾਨੀਅਤ ਦੀ ਭਲਾਈ ਅਤੇ ਦੁਨੀਆ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਅਤੇ ਕਰੋਨਾ ਦੀ ਸਮਾਪਤੀ ਦੀ ਦੁਆ ਵੀ ਕਰਵਾਈ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਅਹਿਮਦੀਆ ਜਮਾਤ ਦੀ ਲੋਕ ਭਲਾਈ ਦੀ ਕੌਮਾਂਤਰੀ ਸੰਸਥਾ ‘ਹਿਊਮੈਨਿਟੀ ਫਰਸਟ’ ਵੱਲੋਂ ਵਿਸ਼ਵ ਭਰ ਵਿਚ ਕੀਤੇ ਜਾ ਰਹੇ ਮਾਨਵਤਾਵਾਦੀ ਕੰਮਾਂ ਬਾਰੇ ਵੀ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਇੰਟਰਨੈਸ਼ਨਲ ਅਹਿਮਦੀਆ ਆਰਕੀਟੈਕਟ ਐਂਡ ਇੰਜਨੀਅਰਜ਼ ਐਸੋਸੀਏਸ਼ਨ ਨੇ 2800 ਵਾਟਰ ਪੰਪ ਲਗਾਏ ਸਨ, ਜੋ ਢਾਈ ਲੱਖ ਲੋਕਾਂ ਨੂੰ ਲਾਭ ਪਹੁੰਚਾ ਰਹੇ ਹਨ।