ਚੰਡੀਗੜ੍ਹ (ਟਨਸ): ‘ਆਪ’ ਸਰਕਾਰ ਹੁਣ ਪੰਜਾਬ ਵਜ਼ਾਰਤ ‘ਚ ਵਾਧਾ ਬਜਟ ਸੈਸ਼ਨ ਮਗਰੋਂ ਹੀ ਕਰੇਗੀ ਅਤੇ ਜੁਲਾਈ ਦੇ ਪਹਿਲੇ ਹਫ਼ਤੇ ਨਵੇਂ ਵਜ਼ੀਰਾਂ ਨੂੰ ਸਹੁੰ ਚੁਕਾਉਣ ਦੀ ਸੰਭਾਵਨਾ ਹੈ। ਪਹਿਲਾਂ ਕੈਬਨਿਟ ਵਿਚ ਵਾਧਾ ਬਜਟ ਸੈਸ਼ਨ ਤੋਂ ਪਹਿਲਾਂ ਕਰਨ ਦੀ ਤਿਆਰੀ ਖਿੱਚੀ ਗਈ ਸੀ| ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਕਰਕੇ ਪੰਜਾਬ ਸਰਕਾਰ ਨੇ ਬਜਟ ਸੈਸ਼ਨ ਤੋਂ ਪਹਿਲਾਂ ਵਜ਼ਾਰਤੀ ਵਾਧਾ ਕਰਨ ਦੀ ਵਿਉਂਤ ਨੂੰ ਟਾਲ ਦਿੱਤਾ| ਵਜ਼ਾਰਤ ਵਿਚ ਵਾਧਾ ਬਜਟ ਸੈਸ਼ਨ ਤੋਂ ਪਹਿਲਾਂ ਇਸ ਕਰਕੇ ਨਹੀਂ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਦੇ ਪ੍ਰਭਾਵ ਕਿਸੇ ਤਰ੍ਹਾਂ ਜ਼ਿਮਨੀ ਚੋਣ ‘ਤੇ ਨਾ ਪੈ ਜਾਣ| ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਵਜ਼ਾਰਤ ਵਿਚ ਇਸ ਵੇਲੇ ਨੌਂ ਵਜ਼ੀਰ ਹਨ ਜਦੋਂ ਕਿ ਦਸਵੇਂ ਵਜ਼ੀਰ ਵਿਜੈ ਸਿੰਗਲਾ ਦੀ ਮੁੱਖ ਮੰਤਰੀ ਭਗਵੰਤ ਮਾਨ ਵਜ਼ਾਰਤ ’ਚੋਂ ਛੁੱਟੀ ਕਰ ਚੁੱਕੇ ਹਨ| ਕਾਇਦੇ ਮੁਤਾਬਿਕ ਮੁੱਖ ਮੰਤਰੀ ਤੋਂ ਇਲਾਵਾ ਪੰਜਾਬ ਵਜ਼ਾਰਤ ਵਿਚ ਵੱਧ ਤੋਂ ਵੱਧ 17 ਮੰਤਰੀ ਬਣਾਏ ਜਾ ਸਕਦੇ ਹਨ| ਸੂਤਰਾਂ ਅਨੁਸਾਰ ‘ਆਪ’ ਸਰਕਾਰ ਵੱਲੋਂ ਦੂਸਰੇ ਪੜਾਅ ਵਿਚ ਤਿੰਨ ਜਾਂ ਚਾਰ ਮੰਤਰੀ ਹੀ ਬਣਾਏ ਜਾਣੇ ਹਨ| ਹਾਲਾਂਕਿ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਨੂੰ ਪੰਜਾਬ ਕੈਬਨਿਟ ਵਿੱੱਚ ਹਾਲੇ ਥਾਂ ਨਹੀਂ ਮਿਲੀ| ‘ਆਪ’ ਸਰਕਾਰ ਦਾ ਤਰਕ ਹੈ ਕਿ ਉਹ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਨੂੰ ਵਜ਼ਾਰਤ ਵਿਚ ਮੌਕਾ ਦੇਣਗੇ|