ਸਿਮਰਤ ਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 4 ਮਈ
ਇੱਥੇ ਜੀਟੀ ਰੋਡ ’ਤੇ ਸਥਿਤ ਬੱਸ ਅੱਡੇ ’ਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਸਵੇਰੇ ਅਚਨਚੇਤ ਜਾਂਚ ਕੀਤੀ। ਬੀਤੇ ਦਿਨੀਂ ਸ਼ਹਿਰ ਵਾਸੀਆਂ ਨੇ ਕੈਬਨਿਟ ਮੰਤਰੀ ਨੂੰ ਬੱਸ ਅੱਡੇ ’ਤੇ ਸਰਕਾਰੀ ਬੱਸਾਂ ਨਾ ਰੋਕੇ ਜਾਣ ਦੀ ਸ਼ਿਕਾਇਤ ਕੀਤੀ ਸੀ, ਜਿਸ ਮਗਰੋਂ ਹਰਭਜਨ ਸਿੰਘ ਨੇ ਜੰਡਿਆਲਾ ਗੁਰੂ ਦੇ ਬੱਸ ਅੱਡਾ ਇੰਚਾਰਜ ਨੂੰ ਇਹ ਸਮੱਸਿਆ ਹੱਲ ਕਰਨ ਦੇ ਹੁਕਮ ਦਿੱਤੇ ਸਨ। ਇਸੇ ਤਹਿਤ ਅੱਜ ਮੰਤਰੀ ਨੇ ਬੱਸ ਅੱਡੇ ਦੀ ਅਚਨਚੇਤ ਜਾਂਚ ਕੀਤੀ। ਇਸ ਦੌਰਾਨ ਉਨ੍ਹਾਂ ਵੇਖਿਆ ਕਿ ਕੁਝ ਵਿਦਿਆਰਥੀ, ਔਰਤਾਂ ਅਤੇ ਮੁਲਾਜ਼ਮ ਅੱਡੇ ’ਤੇ ਬੱੱਸਾਂ ਉਡੀਕ ਰਹੇ ਸਨ ਪਰ ਦੋ ਬੱੱਸਾਂ ਅੱਡੇ ’ਤੇ ਨਾ ਆ ਕੇ ਪੁਲ ਉਪਰੋਂ ਲੰਘ ਗਈਆਂ। ਕੈਬਨਿਟ ਮੰਤਰੀ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਅੱਡਾ ਇੰਚਾਰਜ ਨੂੰ ਤਲਬ ਕਰਦਿਆਂ ਜਨਰਲ ਮੈਨੇਜਰ ਨੂੰ ਉਸ ਦੀ ਜਵਾਬ ਤਲਬੀ ਕਰਨ ਦੀ ਹਦਾਇਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਜਨਤਕ ਥਾਵਾਂ ’ਤੇ ਸਫਾਈ ਰੱਖਣ ਅਤੇ ਸਵਾਰੀਆਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਕਰਨ ਦੇ ਵੀ ਹੁਕਮ ਕੀਤੇ।
ਇਸ ਮੌਕੇ ਉਨ੍ਹਾਂ ਸਵਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਮੰਤਰੀ ਨੇ ਸਵਾਰੀਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇਗਾ ਅਤੇ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਬੱਸ ਅੱਡਿਆਂ ਦੀ ਅਚਨਚੇਤ ਜਾਂਚ ਕਰਦੇ ਰਹਿਣਗੇ। ਇਸ ਮੌਕੇ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਮਨਿੰਦਰਪਾਲ ਸਿੰਘ ਨੇ ਦੱਸਿਆ ਡਿਊਟੀ ’ਤੇ ਗੈਰ-ਹਾਜ਼ਰ ਰਹਿਣ ਵਾਲੇ ਮੁਲਾਜ਼ਮ ਦੀ ਜਵਾਬ ਤਲਬੀ ਕੀਤੀ ਗਈ ਹੈ ਅਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।