ਸ੍ਰੀ ਆਨੰਦਪੁਰ ਸਾਹਿਬ: ਇੱਥੋਂ ਦੇ ਇੱਕ ਕੌਂਸਲਰ ਵੱਲੋਂ ਬੀਤੇ ਦਿਨ ਨਗਰ ਕੌਂਸਲ ਵੱਲੋਂ ਖਰੀਦੀ ਗਈ ਇਕ ਐਂਬੂਲੈਂਸ ਸਬੰਧੀ ਇਕ ਵੀਡੀਓ ਜਾਰੀ ਕਰਕੇ ਸਵਾਲ ਚੁੱਕੇ ਸਨ ਤੇ ਅੱਜ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਾਰਜਸਾਧਕ ਅਫ਼ਸਰ ਨੂੰ ਐਂਬੂਲੈਂਸ ਦੀ ਖਰੀਦ ਸਬੰਧੀ ਵਿਸਥਾਰ ਰਿਪੋਰਟ ਦੇਣ ਲਈ ਕਿਹਾ ਹੈ। ਉਨ੍ਹਾਂ ਜਨਤਕ ਤੌਰ ’ਤੇ ਇਹ ਐਲਾਨ ਕਰਦਿਆਂ ਕਿਹਾ ਕਿ ਲੋਕ ਹਿੱਤ ਵਿਚ ਸਾਰੇ ਫ਼ੈਸਲੇ ਬਿਨਾਂ ਦੇਰੀ ਲਏ ਜਾਣਗੇ ਪਰ ਬੇਨਿਯਮੀਆਂ ਅਤੇ ਫੰਡਾਂ ਦੀ ਦੁਰਵਰਤੋਂ ਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ। ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਦੱਸਿਆ ਕਿ ਜਲਦੀ ਰਿਪੋਰਟ ਤਿਆਰ ਕਰਕੇ ਕੈਬਨਿਟ ਮੰਤਰੀ ਨੂੰ ਸੌਂਪ ਦਿੱਤੀ ਜਾਵੇਗੀ। -ਪੱਤਰ ਪ੍ਰੇਰਕ