ਨਵੀਂ ਦਿੱਲੀ: ਪੰਜਾਬ ਵਿੱਚ ਸੰਗਰੂਰ ਦੀ ਸੰਸਦੀ ਸੀਟ ਸਣੇ ਤਿੰਨ ਲੋਕ ਸਭਾ ਸੀਟਾਂ ਤੇ ਛੇ ਰਾਜਾਂ ਦੀਆਂ ਸੱਤ ਅਸੈਂਬਲੀ ਸੀਟਾਂ ਲਈ ਜ਼ਿਮਨੀ ਚੋਣ 23 ਜੂਨ ਨੂੰ ਹੋਵੇਗੀ। ਜਿਨ੍ਹਾਂ ਦੋ ਹੋਰ ਸੰਸਦੀ ਸੀਟਾਂ ’ਤੇ ਜ਼ਿਮਨੀ ਚੋਣ ਹੋਣੀ ਹੈ, ਉਨ੍ਹਾਂ ਵਿੱਚ ਆਜ਼ਮਗੜ੍ਹ ਤੇ ਰਾਮਪੁਰ ਸ਼ਾਮਲ ਹਨ। ਇਹ ਦੋਵੇਂ ਸੀਟਾਂ ਯੁੂਪੀ ਵਿੱਚ ਹਨ ਤੇ ਕ੍ਰਮਵਾਰ ਸਮਾਜਵਾਦੀ ਪਾਰਟੀ ਆਗੂਆਂ ਅਖਿਲੇਸ਼ ਯਾਦਵ ਤੇ ਮੁਹੰਮਦ ਆਜ਼ਮ ਖ਼ਾਨ ਦੇ ਅਸੈਂਬਲੀ ਚੋਣਾਂ ਜਿੱਤਣ ਕਰਕੇ ਖਾਲੀ ਹੋਈਆਂ ਹਨ। ਸੰਗਰੂਰ ਦੀ ਸੀਟ ਭਗਵੰਤ ਮਾਨ ਵੱਲੋਂ ਖਾਲੀ ਕੀਤੀ ਗਈ ਹੈ, ਜੋ ਪੰਜਾਬ ਅਸੈਂਬਲੀ ਦੀਆਂ ਹਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਸ਼ਾਨਦਾਰ ਜਿੱਤ ਮਗਰੋਂ ਸੂਬੇ ਦੇ ਮੁੱਖ ਮੰਤਰੀ ਬਣੇ ਹਨ। ਸੱਤ ਅਸੈਂਬਲੀ ਸੀਟਾਂ ਵਿੱਚੋਂ ਇਕ ਸੀਟ ਦਿੱਲੀ ਦੇ ਰਾਜਿੰਦਰ ਨਗਰ ਦੀ ਹੈ। ਰਾਘਵ ਚੱਢਾ ਦੇ ਪੰਜਾਬ ਤੋਂ ਰਾਜ ਸਭਾ ਮੈਂਬਰ ਚੁਣੇ ਜਾਣ ਮਗਰੋਂ ਇਹ ਸੀਟ ਖਾਲੀ ਹੋਈ ਹੈ। ਹੋਰਨਾਂ ਅਸੈਂਬਲੀ ਸੀਟਾਂ, ਜਿੱਥੇ ਜ਼ਿਮਨੀ ਚੋਣ ਹੋਣੀ ਹੈ, ਵਿੱਚ ਝਾਰਖੰਡ ਦੀ ਮੰਦਰ, ਆਂਧਰਾ ਪ੍ਰਦੇਸ਼ ਦੇ ਆਤਮਾਕੁਰ ਅਤੇ ਤ੍ਰਿਪੁਰਾ ਦੀਆਂ ਅਗਰਤਲਾ, ਟਾਊਨ ਬੋਰਡੋਵਾਲੀ, ਸੁਰਮਾ ਤੇ ਜੁਬਰਾਜਨਗਰ ਸ਼ਾਮਲ ਹਨ। ਚੋਣ ਕਮਿਸ਼ਨ ਨੇ ਬਿਆਨ ਵਿੱਚ ਕਿਹਾ ਕਿ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ ਜਦੋਂਕਿ ਜ਼ਿਮਨੀ ਚੋਣ ਲਈ ਨੋਟੀਫਿਕੇਸ਼ਨ 30 ਮਈ ਨੂੰ ਜਾਰੀ ਹੋਵੇਗਾ। -ਪੀਟੀਆਈ