ਗੁਰਦੀਪ ਸਿੰਘ ਲਾਲੀ
ਸੰਗਰੂਰ, 4 ਜੂਨ
ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਅੱਜ ਇੱਥੇ ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕਾ ਦੀ ਜ਼ਿਮਨੀ ਚੋਣ ਲਈ ਐਲਾਨੇ ਗਏ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਦੇ ਦਫ਼ਤਰ ਪੁੱਜ ਕੇ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਵੀ ਮੌਜੂਦ ਸਨ।
ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਮਗਰੋਂ ਮੀਡੀਆ ਨਾਲ ਸੰਖੇਪ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਆਮ ਘਰਾਂ ਦੇ ਧੀਆਂ-ਪੁੱਤਾਂ ਨੂੰ ਵਿਧਾਨ ਸਭਾ ਅਤੇ ਲੋਕ ਸਭਾ ਲਈ ਟਿਕਟ ਦੇ ਕੇ ਨਿਵਾਜਿਆ ਜਾਂਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਜਿਵੇਂ ਪਹਿਲਾਂ ਸੰਗਰੂਰ ਸੰਸਦੀ ਹਲਕੇ ਦੇ ਲੋਕਾਂ ਨੇ ਦੋ ਵਾਰ ‘ਆਪ’ ਦੇ ਹੱਕ ਵਿੱਚ ਫਤਵਾ ਦਿੱਤਾ ਹੈ, ਇਸ ਵਾਰ ਵੀ ਲੋਕ ਸਾਡੇ ’ਤੇ ਭਰੋਸਾ ਕਰਦਿਆਂ ਗੁਰਮੇਲ ਸਿੰਘ ਘਰਾਚੋਂ ਨੂੰ ਜਿਤਾਉਣਗੇ।
ਮੁੱਖ ਮੰਤਰੀ ਦੀ ਫੇਰੀ ਕਾਰਨ ਸਵੇਰ ਤੋਂ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਚੱਪੇ-ਚੱਪੇ ’ਤੇ ਪੁਲੀਸ ਤਾਇਨਾਤ ਸੀ। ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਦੋਵੇਂ ਮੁੱਖ ਗੇਟ ਬੰਦ ਕਰਕੇ ਪੁਲੀਸ ਤਾਇਨਾਤ ਕੀਤੀ ਹੋਈ ਸੀ ਅਤੇ ਕਿਸੇ ਨੂੰ ਵੀ ਦਫ਼ਤਰ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ ਸੀ। ਪੰਜਾਬ ਪੁਲੀਸ ਮੁਲਾਜ਼ਮ ਲਾਈਨ ਬਣਾ ਕੇ ਖੜ੍ਹੇ ਕੀਤੇ ਹੋਏ ਸਨ ਤਾਂ ਕਿ ਕੋਈ ਵੀ ਮੀਡੀਆ ਕਰਮੀ ਅੱਗੇ ਨਾ ਜਾ ਸਕੇ। ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਜਿਹੜੇ ਮੀਡੀਆ ਨੂੰ ਖ਼ੁਦ ਫੋਨ ਕਰਕੇ ਬੁਲਾਉਂਦੇ ਸੀ ਅੱਜ ਉਸੇ ਮੀਡੀਆ ਨਾਲ ਬਿਨਾਂ ਗੱਲਬਾਤ ਕੀਤਿਆਂ ਬਾਹਰ ਨਿਕਲ ਰਹੇ ਮੁੱਖ ਮੰਤਰੀ ਨੂੰ ਪਿੱਛੋਂ ਅਵਾਜ਼ ਦੇ ਕੇ ਰੋਕਣਾ ਪਿਆ। ਚੋਣ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਸਿਰਫ਼ ਕੈਮਰਾਮੈਨ ਅਤੇ ਫੋਟੋਗ੍ਰਾਫ਼ਰਾਂ ਨੂੰ ਹੀ ਦਾਖ਼ਲ ਹੋਣ ਦਿੱਤਾ ਗਿਆ।
ਹਮਾਇਤ ਨਹੀਂ, ਮਜ਼ਾਕ ਕਰਨ ਆਏ ਸਨ ਅਕਾਲੀ ਆਗੂ: ਮਾਨ਼
ਸੰਗਰੂਰ (ਨਿੱਜੀ ਪੱਤਰ ਪ੍ਰੇਰਕ):ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪਾਰਟੀ ਉਮੀਦਵਾਰ ਵਜੋਂ ਇੱਥੇ ਚੋਣ ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਦੇ ਦਫ਼ਤਰ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਮੱਥਾ ਟੇਕਿਆ। ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਮਾਨ ਨੇ ਇੱਥੋਂ ਦੀ ਕੌਲਾਂ ਪਾਰਕ ਮਾਰਕੀਟ ਵਿੱਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਜ਼ਿਮਨੀ ਚੋਣ ’ਚ ਪਾਰਟੀ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਉਨ੍ਹਾਂ ਦੀ ਹਮਾਇਤ ਨਹੀਂ ਆਏ ਸਗੋਂ ਮਜ਼ਾਕ ਕਰਨ ਲਈ ਆਏ ਸਨ। ਸ੍ਰੀ ਮਾਨ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਮਗਰੋਂ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਆਗੂ ਉਨ੍ਹਾਂ ਨਾਲ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਦੇ ਸਬੰਧ ਵਿਚ ਮਿਲਣ ਲਈ ਆਏ ਸਨ ਜਿਨ੍ਹਾਂ ਵਲੋਂ ਚੋਣ ਮੈਦਾਨ ’ਚ ਸਾਂਝੇ ਤੌਰ ’ਤੇ ਕਿਸੇ ਬੰਦੀ ਸਿੰਘ ਨੂੰ ਉਮੀਦਵਾਰ ਐਲਾਨਣ ਬਾਰੇ ਆਪਣਾ ਪ੍ਰਸਤਾਵ ਉਨ੍ਹਾਂ ਕੋਲ ਰੱਖਿਆ ਸੀ। ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੇ ਪ੍ਰਸਤਾਵ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਤਾਂ ਖੁਦ ਬੰਦੀ ਸਿੰਘ ਹਨ ਅਤੇ ਜੇਲ੍ਹਾਂ ਕੱਟ ਚੁੱਕੇ ਹਨ। ਇਸ ਲਈ ਦੇਸ਼ ਦੀ ਸੰਸਦ ਵਿਚ ਬੰਦੀ ਸਿੰਘਾਂ ਦੀ ਆਵਾਜ਼ ਉਨ੍ਹਾਂ ਤੋਂ ਵਧੀਆ ਹੋਰ ਕੌਣ ਚੁੱਕ ਸਕਦਾ ਹੈ। ਮਾਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ੋ੍ਮਣੀ ਅਕਾਲੀ ਦਲ ਵਾਲਿਆਂ ਨੂੰ ਕਿਹਾ ਕਿ ਜੇਕਰ ਉਹ ਬੰੰਦੀ ਸਿੰਘਾਂ ਨੂੰ ਹੀ ਤਰਜੀਹ ਦੇਣ ਦੀ ਗੱਲ ਕਰਦੇ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਬੰਦੀ ਸਿੰਘਾਂ ਵਿਚੋਂ ਐਲਾਨਿਆ ਜਾਵੇ। ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਅਕਾਲੀ ਦਲ ਵਾਲੇ ਉਨ੍ਹਾਂ ਦੀ ਹਮਾਇਤ ਕਰਨ ਲਈ ਨਹੀਂ ਆਏ ਸਨ ਸਗੋਂ ਉਨ੍ਹਾਂ ਨਾਲ ਮਜ਼ਾਕ ਕਰਨ ਆਏ ਸਨ।