ਬਲਜੀਤ ਸਿੰਘ
ਸਰਦੂਲਗੜ੍ਹ 28 ਮਾਰਚ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਦੇ 42 ਪਿੰਡਾਂ ਦੀ ਵਿਸ਼ਾਲ ਰੋਸ ਰੈਲੀ ਇੱਥੇ ਅਨਾਜ ਮੰਡੀ ਕੀਤੀ ਗਈ। ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਐੱਮ ਐੱਸ ਪੀ ਅਤੇ ਏ ਪੀ ਐੱਮ ਸੀ ਖ਼ਤਮ ਨਹੀਂ ਹੋਣਗੇ, ਪਰ ਦੂਜੇ ਪਾਸੇ ਇੱਕੋ ਝਟਕੇ 25000 ਮੰਡੀਆਂ ਖ਼ਤਮ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਹ-ਸਪਰੇਅ, ਡੀਜ਼ਲ ਅਤੇ ਹੋਰ ਖੇਤੀ ਲਾਗਤਾਂ ਦੀਆਂ ਕੀਮਤਾਂ ਵਿੱਚ ਵਾਧਾ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਾਰੇ ਵਰਗ ਇਸ ਅੰਦੋਲਨ ਜ਼ਰੀਏ ਤਾਨਾਸ਼ਾਹੀ ਹਕੂਮਤ ਨੂੰ ਮੂੰਹ ਤੋੜ ਜਵਾਬ ਦੇਣਗੇ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਦਮ ਲੈਣਗੇ। ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨਾਂ ਦੇ ਹੀ ਵਿਰੁਧ ਨਹੀਂ ਸਗੋਂ ਦੇਸ਼ ਦੇ ਹਰੇਕ ਮਿਹਨਤਕਸ਼ ਲਈ ਮੌਤ ਦੇ ਵਾਰੰਟ ਹਨ। ਰੈਲੀ ’ਚ ਜੁੜੇ ਇਕੱਠ ਨੂੰ ਜਗਦੇਵ ਸਿੰਘ ਭੈਣੀਬਾਘਾ, ਜੋਗਾ ਸਿੰਘ ਸਤਾਣਾ, ਰਾਣੀ ਕੌਰ ਭੰਮੇ ਕਲਾਂ, ਗੁਰਸੇਵਕ ਸਿੰਘ ਫੱਤਾ ਮਾਲੋਕਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਰਮਨਦੀਪ ਸਿੰਘ ਕੁਸਲਾ, ਬਿੰਦਰ ਸਿੰਘ ਝੰਡਾ ਕਲਾਂ, ਜਗਤਾਰ ਸਿੰਘ, ਬਲਜੀਤਪਾਲ ਸਿੰਘ, ਚਰਨਜੀਤ ਸਿੱਧੂ ਸਮੂਹ ਕਿਸਾਨ ਅਤੇ ਆਮ ਲੋਕ ਆਦਿ ਹਾਜ਼ਰ ਸਨ।