ਗੁਰਨਾਮ ਸਿੰਘ ਅਕੀਦਾ/ਗੁਰਦੀਪ ਸਿੰਘ ਲਾਲੀ
ਪਟਿਆਲਾ/ਸੰਗਰੂਰ, 26 ਦਸੰਬਰ
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਆਗੂ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤੇਂਦਰ ਜੈਨ ਨੇ ਅੱਜ ਪਟਿਆਲਾ, ਸੰਗਰੂਰ ਅਤੇ ਮੂਨਕ ਦੇ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਦੇ ਹੱਲ ਲਈ ਸੁਝਾਅ ਮੰਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਦੋਂ ਸੱਤਾਧਾਰੀ ਆਗੂ ਹੀ ਕਾਰੋਬਾਰ ਵਿੱਚ ਹਿੱਸਾ ਮੰਗਣਗੇ ਤਾਂ ਪੰਜਾਬ ਵਿੱਚ ਨਿਵੇਸ਼ ਕੌਣ ਕਰੇਗਾ। ਪੰਜਾਬ ਵਿੱਚ ਲੋਕਤੰਤਰ ਨਹੀਂ ਭ੍ਰਿਸ਼ਟਾਤੰਤਰ ਕੰਮ ਕਰ ਰਿਹਾ ਹੈ। ਭ੍ਰਿਸ਼ਟਾਚਾਰ ਤੋਂ ਦੁਖੀ ਹੋ ਕੇ ਪੰਜਾਬ ਦੇ ਕਾਰੋਬਾਰੀ ਸੂਬੇ ਤੋਂ ਬਾਹਰ ਨਿਵੇਸ਼ ਕਰ ਰਹੇ ਹਨ।
ਕਾਂਗਰਸ ਸਰਕਾਰ ’ਤੇ ਭ੍ਰਿਸ਼ਟਾਚਾਰ ਅਤੇ ਰਿਸ਼ਵਤਖ਼ੋਰੀ ਦੇ ਦੋਸ਼ ਲਾਉਂਦਿਆਂ ਜੈਨ ਨੇ ਕਿਹਾ ਕਿ ਪੰਜਾਬ ਦੇ ਵਪਾਰੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ਵਿੱਚ ਰਿਸ਼ਵਤ ਦੇ ਕੇ ਬਹੁਤ ਸਾਰੀਆਂ ਗੈਰ-ਜ਼ਰੂਰੀ ਕਾਗ਼ਜ਼ੀ ਕਾਰਵਾਈਆਂ ਕਰਨੀਆਂ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਤੋਂ ਮੁਕਤੀ ਪਾਉਣ ਲਈ ਕਾਂਗਰਸ, ਕੈਪਟਨ, ਬਾਦਲ ਅਤੇ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨਾ ਪਵੇਗਾ। ਜੈਨ ਨੇ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਅਤੇ ਗੈਰ-ਜ਼ਰੂਰੀ ਕਾਗ਼ਜ਼ੀ ਕਾਰਵਾਈ ਤੋਂ ਮੁਕਤੀ ਦਿਵਾਈ ਜਾਵੇਗੀ। ‘ਡੋਰ ਸਟੈਪ ਡਲਿਵਰੀ ਪ੍ਰੋਗਰਾਮ’ ਤਹਿਤ ਸਾਰੀ ਜ਼ਰੂਰੀ ਕਾਗ਼ਜ਼ੀ ਕਾਰਵਾਈ ਸਰਕਾਰੀ ਕਰਮਚਾਰੀ ਲੋਕਾਂ ਦੇ ਘਰ ਜਾ ਕਰਨਗੇ। ਇਸ ਮੌਕੇ ਪਟਿਆਲਾ ਲੋਕ ਸਭਾ ਹਲਕੇ ਦੇ ਇੰਚਾਰਜ ਇੰਦਰਜੀਤ ਸੰਧੂ, ਟਰੇਡ ਵਿੰਗ ਦੇ ਸੂਬਾ ਉਪ ਪ੍ਰਧਾਨ ਅਨਿਲ ਠਾਕੁਰ, ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਗੁਪਤਾ, ਸੂਬਾ ਸੰਯੁਕਤ ਸਕੱਤਰ ਕੁੰਦਨ ਗੋਗੀਆ, ਮੇਘ ਚੰਦ ਸ਼ਰਮਾ, ਤਜਿੰਦਰ ਮਹਿਤਾ ਹਾਜ਼ਰ ਸਨ।