ਜਲੰਧਰ (ਪਾਲ ਸਿੰਘ ਨੌਲੀ): ਗਰੀਨ ਮਾਡਲ ਟਾਊਨ ’ਚ ਰਹਿੰਦੇ ਖਾਦ ਕਾਰੋਬਾਰੀ ਪਿਓ-ਪੁੱਤਰ ’ਤੇ ਮਜ਼ਦੂਰੀ ਦੇ ਪੈਸੇ ਮੰਗਣ ’ਤੇ ਦੋ ਨਾਬਾਲਗ ਭੈਣਾਂ ਨੂੰ ਗਲੀ ਵਿਚ ਦੌੜਾ-ਦੌੜਾ ਕੇ ਕੁੱਟਣ ਦਾ ਦੋਸ਼ ਹੈ। ਘਟਨਾ ਦੀ ਪੋਲ ਗਲੀ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੇ ਖੋਲ੍ਹੀ। ਇਸੇ ਆਧਾਰ ’ਤੇ ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਇਹ ਘਟਨਾ 3 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਸੀਸੀਟੀਵੀ ਫੁਟੇਜ ਹੁਣ ਸਾਹਮਣੇ ਆਈ ਹੈ। ਬਿਹਾਰ ਦੀ ਰਹਿਣ ਵਾਲੀ ਆਸ਼ਾ ਦੇਵੀ ਨੇ ਨਿਊ ਗਰੀਨ ਮਾਡਲ ਟਾਊਨ ਵਿਚ ਅਨਿਲ ਕੁਮਾਰ ਉਰਫ ਹੈਪੀ ਦੇ ਘਰ ਦੋ ਮਹੀਨੇ ਕੰਮ ਕੀਤਾ ਸੀ। ਜਦੋਂ ਉਸ ਨੂੰ ਪੈਸੇ ਨਾ ਮਿਲੇ ਤਾਂ ਉਸ ਨੇ ਕੰਮ ’ਤੇ ਜਾਣਾ ਬੰਦ ਕਰ ਦਿੱਤਾ। ਉਸ ਨੇ ਜਦੋਂ ਆਪਣੀਆਂ ਦੋ ਧੀਆਂ ਨੂੰ ਕਾਰੋਬਾਰੀ ਦੇ ਘਰ ਪੈਸੇ ਲੈਣ ਲਈ ਭੇਜਿਆ ਤਾਂ ਲੜਕੀਆਂ ਨੂੰ ਬੁਰਾ-ਭਲਾ ਕਿਹਾ ਗਿਆ। ਜਦੋਂ ਇਹ ਭੈਣਾਂ ਕੁੱਟ-ਮਾਰ ਤੋਂ ਬਚਣ ਲਈ ਬਾਹਰ ਦੌੜੀਆਂ ਤਾਂ ਕਥਿਤ ਦੋਸ਼ੀ ਦਾ ਪੁੱਤਰ ਰਿਸ਼ੀ ਉਨ੍ਹਾਂ ਦੇ ਮਗਰ ਦੌੜਿਆ ਤੇ ਉਸ ਨੇ 15 ਸਾਲ ਦੀ ਲੜਕੀ ਦੀ ਕੁੱਟਮਾਰ ਕੀਤੀ। ਆਪਣੀ ਭੈਣ ਨੂੰ ਬਚਾਉਣ ਲਈ 14 ਸਾਲਾਂ ਦੀ ਲੜਕੀ ਜਦੋਂ ਅੱਗੇ ਆਈ ਤਾਂ ਅਨਿਲ ਹੈਪੀ ਨੇ ਉਸ ਦੀ ਵੀ ਕੁੱਟਮਾਰ ਕੀਤੀ। ਦੋਵਾਂ ਲੜਕੀਆਂ ਦਾ ਕਹਿਣਾ ਸੀ ਕਿ ਕਾਰੋਬਾਰੀ ਪਿਓ-ਪੁੱਤਰ ਨੇ ਉਨ੍ਹਾਂ ਨੂੰ ਧਮਕਾਇਆ ਸੀ ਕਿ ਜੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੀਤੀ ਤਾਂ ਉਹ ਹੋਰ ਵੀ ਬੁਰਾ ਕਰਨਗੇ। ਇਸੇ ਡਰ ਕਾਰਨ ਉਹ ਪੁਲੀਸ ਕੋਲ ਨਹੀਂ ਗਈਆਂ। ਪੁਲੀਸ ਦਾ ਕਹਿਣਾ ਸੀ ਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇ ਮਾਰੇ ਜਾ ਰਹੇ ਹਨ।