ਪੱਤਰ ਪ੍ਰੇਰਕ
ਚੰਡੀਗੜ੍ਹ, 20 ਜੂਨ
ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਨੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਭਲਕੇ 21 ਜੂਨ ਨੂੰ ਦੋ ਘੰਟੇ ਲਈ ਬੱਸ ਅੱਡੇ ਬੰਦ ਰੱਖਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਸਕੱਤਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਮੈਨੇਜਮੈਂਟ ਵੱਲੋਂ ਪਨਬੱਸ ਦੇ ਕੰਟਰੈਕਟ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਬਜਟ 20 ਜੂਨ ਤੱਕ ਵੀ ਨਹੀਂ ਭੇਜਿਆ ਗਿਆ। ਜਦੋਂ ਯੂਨੀਅਨ ਨੇ ਇਸ ਸਬੰਧੀ ਮੈਨੇਜਮੈਂਟ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਮੁੜ ਟਾਲ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਕੰਟਰੈਕਟ ਵਰਕਰਾਂ ਵਿੱਚ ਮੈਨੇਜਮੈਂਟ ਦੇ ਇਸ ਘਟੀਆ ਵਤੀਰੇ ਸਬੰਧੀ ਰੋਸ ਹੈ। ਇਸੇ ਰੋਸ ਵਜੋਂ ਭਲਕੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੋ ਘੰਟੇ ਬੱਸ ਅੱਡੇ ਬੰਦ ਰੱਖੇ ਜਾਣਗੇ। ਇਸ ਦੌਰਾਨ ਅੱਡਿਆਂ ਵਿੱਚ ਬੱਸਾਂ ਦਾਖਲ ਨਹੀਂ ਹੋਣ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੌਕੇ ’ਤੇ ਹੀ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।