ਪੱਤਰ ਪ੍ਰੇਰਕ
ਹੁਸ਼ਿਆਰਪੁਰ, 22 ਜਨਵਰੀ
ਚੰਡੀਗੜ੍ਹ ਸੜਕ ’ਤੇ ਟੂਟੋਮਜਾਰਾ ਨੇੜੇ ਸ਼ਨਿੱਚਰਵਾਰ ਸਵੇਰੇ ਪੰਜਾਬ ਰੋਡਵੇਜ਼ ਦੀ ਇੱਕ ਬੱਸ ਖੜ੍ਹੇ ਕੈਂਟਰ ਨਾਲ ਟਕਰਾ ਗਈ, ਜਿਸ ਕਾਰਨ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਲਾਸ਼ਾਂ ਨੂੰ ਬੜੀ ਮੁਸ਼ਕਿਲ ਨਾਲ ਨੁਕਸਾਨੀ ਗਈ ਬੱਸ ’ਚੋਂ ਕੱਢਿਆ ਗਿਆ। ਇਹ ਬੱਸ ਦਿੱਲੀ ਤੋਂ ਹੁਸ਼ਿਆਰਪੁਰ ਆ ਰਹੀ ਸੀ, ਜਿਸ ਵਿੱਚ ਸਿਰਫ਼ ਚਾਰ ਸਵਾਰੀਆਂ ਸਨ। ਹਾਦਸੇ ਵਿੱਚ ਇਹ ਸਵਾਰੀਆਂ ਵੀ ਜ਼ਖ਼ਮੀ ਹੋਈਆਂ ਹਨ। ਮ੍ਰਿਤਕਾਂ ਦੀ ਪਛਾਣ ਗੁਰਨਾਮ ਸਿੰਘ (50) ਵਾਸੀ ਊਨਾ (ਹਿਮਾਚਲ ਪ੍ਰਦੇਸ਼) ਤੇ ਜਤਿੰਦਰ ਕੁਮਾਰ (35) ਵਾਸੀ ਤਿੱਬੜੀ, ਗੁਰਦਾਸਪੁਰ ਵਜੋਂ ਹੋਈ ਹੈ। ਸਵਾਰੀਆਂ ਦੇ ਦੱਸਣ ਮੁਤਾਬਕ ਡਰਾਈਵਰ ਤੇਜ਼ ਰਫ਼ਤਾਰ ਨਾਲ ਬੱਸ ਚਲਾ ਰਿਹਾ ਸੀ। ਮਾਹਿਲਪੁਰ ਦੇ ਐੱਸਐੱਚਓ ਬਲਵਿੰਦਰਪਾਲ ਨੇ ਕਿਹਾ ਕਿ ਕੈਂਟਰ ਨੂੰ ਸੜਕ ਦੇ ਕਿਨਾਰੇ ਗਲਤ ਢੰਗ ਨਾਲ ਖੜ੍ਹਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।