ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਮਾਰਚ
ਸਾਬਕਾ ਮੰਤਰੀ ਤੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਮਸ਼ਵਰਾ ਰੱਖਿਆ ਹੈ ਕਿ ਪੰਜਾਬ ਨੂੰ ਕਿਸਾਨੀ ਬਚਾਉਣ ਲਈ ਗੇਮ ਚੇਂਜਰ ਬਣਨਾ ਬਣੇਗਾ। ਉਨ੍ਹਾਂ ਖੇਤੀ ਵਿਭਿੰਨਤਾ ਲਈ ਅੱਜ ਹੱਲ ਸੁਝਾਏ ਅਤੇ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ ਡਟਣ ਦਾ ਭਰੋਸਾ ਦਿੱਤਾ। ਬਜਟ ਇਜਲਾਸ ਦੌਰਾਨ ਹੀ ਨਵਜੋਤ ਸਿੱਧੂ ਵੱਲੋਂ ਇਹ ਗੱਲਾਂ ਸਦਨ ਵਿੱਚ ਰੱਖਣ ਦੀ ਥਾਂ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਗੱਲ ਰੱਖਣ ਨੂੰ ਤਰਜੀਹ ਦਿੱਤੀ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਵੱਲੋਂ ਕਿਸਾਨਾਂ ਤੋਂ ਐੱਮਐੱਸਪੀ ’ਤੇ ਮਾਰਕਫੈੱਡ ਅਤੇ ਪਨਸਪ ਜ਼ਰੀਏ ਦਾਲਾਂ ਦੀ ਖਰੀਦ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਫਲ ਅਤੇ ਸਬਜ਼ੀਆਂ ਦੀ ਸਰਕਾਰੀ ਖਰੀਦ ਦਾ ਭਰੋਸਾ ਦਿਵਾਇਆ ਜਾਵੇ। ਪੰਜ ਪਿੰਡਾਂ ਪਿੱਛੇ ਇੱਕ ਕੋਲਡ ਸਟੋਰ ਬਣਾਇਆ ਜਾਵੇ। ਨਵਜੋਤ ਸਿੱਧੂ ਨੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਗ਼ੈਰ ਸੰਵਿਧਾਨਿਕ ਅਤੇ ਗ਼ੈਰਕਾਨੂੰਨੀ ਦੱਸਦਿਆਂ ਕਿਹਾ ਕਿ ਇਹ ਸੰਘੀ ਢਾਂਚੇ ਉੱਤੇ ਸਿੱਧਾ ਹਮਲਾ ਹੈ। ਉਨ੍ਹਾਂ ਕਿਹਾ ਕਿ ਇਹ ਖੇਤੀਬਾੜੀ ਕਾਨੂੰਨਾਂ ਸਬੰਧੀ ਐਗਰੀਕਲਚਰ ਅਤੇ ਮਾਰਕਿਟ ਦਾ 7ਵਾਂ ਸਡਿਊਲ ਸਾਫ਼ ਕਹਿੰਦਾ ਹੈ ਕਿ ਇਹ ਰਾਜਾਂ ਦਾ ਅਧਿਕਾਰ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਹੋਰ ਵੀ ਠੋਸ ਕਦਮ ਚੁੱਕੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਤੇ ਪੰਜਾਬੀਆਂ ਲਈ ਹਮੇਸ਼ਾ ਖੜ੍ਹੇ ਰਹਿਣਗੇ।