ਗਗਨਦੀਪ ਅਰੋੜਾ
ਲੁਧਿਆਣਾ, 1 ਫਰਵਰੀ
ਕਰੋਨਾਵਾਇਰਸ ਦੇ ਚੱਲਦਿਆਂ ਆਰਥਿਕ ਤੰਗੀ ’ਚੋਂ ਲੰਘ ਰਹੀ ਸਨਅਤ ਨੂੰ ਕੇਂਦਰ ਸਰਕਾਰ ਦੇ ਬਜਟ ਤੋਂ ਕਾਫੀ ਉਮੀਦਾਂ ਸਨ ਪਰ ਇਸ ਸਬੰਧੀ ਮਿਲਿਆ ਜੁਲਿਆ ਪ੍ਰਤੀਕਰਮ ਹੀ ਵੇਖਣ ਨੂੰ ਮਿਲਿਆ। ਸਨਅਤੀ ਸ਼ਹਿਰ ਦੇ ਕੁੱਝ ਸਨਅਤਕਾਰਾਂ ਨੇ ਇਸ ਬਜਟ ’ਤੇ ਖੁਸ਼ੀ ਜ਼ਾਹਰ ਕੀਤੀ ਤੇ ਕੁੱਝ ਨੇ ਨਿਰਾਸ਼ਾ ਜਤਾਈ। ਬਜਟ ’ਚ ਸਭ ਤੋਂ ਜ਼ਿਆਦਾ ਖੁਸ਼ੀ ਸਟੀਲ ਤੇ ਹੌਜ਼ਰੀ ਸੈਕਟਰ ਵਿੱਚ ਵੇਖਣ ਨੂੰ ਮਿਲੀ। ਸਾਈਕਲ ਤੇ ਐੱਮਐੱਸਐੱਮਈ ਦੇ ਮਾਹਿਰਾਂ ਦੀ ਮੰਨੀਏ ਤਾਂ ਇਸ ਬਜਟ ਵਿੱਚ ਉਨ੍ਹਾਂ ਨੂੰ ਕੁੱਝ ਨਹੀਂ ਮਿਲਿਆ। ਕਰੋਨਾਵਾਇਰਸ ਦੀ ਮਾਰ ਝੱਲ ਰਹੀਆਂ ਸਨਅਤਾਂ ਨੂੰ ਉਮੀਦ ਸੀ ਕਿ ਇਸ ਵਾਰ ਜੀਐੱਸਟੀ ਅਤੇ ਟੈਕਸ ਸਲੈਬਾਂ ਵਿੱਚ ਕੁੱਝ ਰਾਹਤ ਮਿਲੇਗੀ ਪਰ ਸਰਕਾਰ ਨੇ ਕੋਈ ਰਾਹਤ ਨਹੀਂ ਦਿੱਤੀ।
ਹੀਰੋ ਸਾਈਕਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਪੰਕਜ ਮੁੰਜਾਲ ਨੇ ਇਸ ਨੂੰ ਕਰੋਨਾਵਾਇਰਸ ਕਾਰਨ ਆਰਥਿਕ ਤੰਗੀ ਝੱਲ ਰਹੀ ਸਨਅਤ ਨੂੰ ਹੁਲਾਰਾ ਦੇਣ ਵਾਲਾ ਬਜਟ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਵਿੱਚ ਕਾਫੀ ਵਿਕਾਸ ਕਾਰਜਾਂ ਦੀਆਂ ਯੋਜਨਾਵਾਂ ਹਨ। ਇਸ ਦਾ ਸਭ ਤੋਂ ਵੱਧ ਫਾਇਦਾ ਆਟੋ ਸੈਕਟਰ ਨੂੰ ਹੋਵੇਗਾ। ਇਸ ਨਾਲ ਸਿਰਫ਼ ਅਰਥਵਿਵਸਥਾ ਮਜ਼ਬੂਤ ਹੋਣ ਦੇ ਨਾਲ ਨਾਲ ਰੁਜ਼ਗਾਰ ਵੀ ਪੈਦਾ ਹੋਵੇਗਾ। ਪ੍ਰਦੂਸ਼ਣ ਘੱਟ ਕਰਨ ਲਈ ਵਿੱਤ ਮੰਤਰੀ ਨੇ ਬਜਟ ’ਚ 2217 ਕਰੋੜ ਰੁਪਏ ਦਾ ਵੱਖ ਤੋਂ ਫੰਡ ਰੱਖਿਆ ਹੈ। ਇਹ ਇੱਕ ਵੱਡਾ ਕਦਮ ਹੈ, ਜਿਸ ਨਾਲ ਸਾਈਕਲ ਸਨਅਤ ਨੂੰ ਫਾਇਦਾ ਮਿਲੇਗਾ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਨੇ ਕਿਹਾ ਕਿ ਇਸ ਵਾਰ ਸਰਕਾਰ ਨੇ ਐੱਮਐੱਸਐੱਮਈ ਲਈ ਬਜਟ ਨੂੰ ਵਧਾ ਕੇ ਦੁਗਣਾ ਕਰ ਦਿੱਤਾ ਹੈ, ਜਿਸ ਦਾ ਛੋਟੀਆਂ ਸਨਅਤਾਂ ਨੂੰ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਬਜਟ ਵਿੱਚ ਸਰਕਾਰ ਨੇ ਆਯਾਤ ਹੋਣ ਵਾਲੇ ਸਟੀਲ ਸਕਰੈਪ ’ਤੇ 2.50 ਫੀਸਦੀ ਡਿਊਟੀ ਖਤਮ ਕਰਕੇ ਚੰਗਾ ਸੰਕੇਤ ਦਿੱਤਾ ਹੈ। ਏਸ਼ੀਆ ਦੀ ਸਭ ਤੋਂ ਵੱਡੀ ਸਾਈਕਲ ਪਾਰਟਸ ਐਸੋਸੀਏਸ਼ੇਨ ਯੂਸੀਪੀਐੱਮਏ ਦੇ ਪ੍ਰਧਾਨ ਡੀ.ਐੱਸ ਚਾਵਲਾ ਦਾ ਕਹਿਣਾ ਹੈ ਕਿ ਸਾਈਕਲ ਸਨਅਤ ਲਈ ਇਹ ਬਜਟ ਨਿਰਾਸ਼ਾ ਵਾਲਾ ਹੀ ਰਿਹਾ। ਦੇਸ਼ ਦੀ ਸਾਈਕਲ ਸਨਅਤ ਨੂੰ ਅੱਗੇ ਵਧਾਉਣ ਲਈ ਇਹ ਚੰਗਾ ਸਮਾਂ ਸੀ। ਇਸ ਵੇਲੇ ਚਾਈਨਾ ਦੇ ਸਾਈਕਲ ਪਾਰਟਸ ’ਤੇ ਅਮਰੀਕਾ ਅਤੇ ਯੂਰਪ ਨੇ 67 ਫੀਸਦੀ ਡਿਊਟੀ ਲਾਈ ਹੈ ਅਤੇ ਸਾਡੀਆਂ ਸਨਅਤਾਂ ਇਸ ਦਾ ਫਾਇਦਾ ਚੁੱਕ ਸਕਦੀਆਂ ਸਨ ਪਰ ਸਰਕਾਰ ਨੇ ਕੁਝ ਨਹੀਂ ਸੋਚਿਆ।
ਆਲ ਇੰਡਸਟਰੀ ਐਂਡ ਟਰੇਡ ਫੋਰਮ ਦੇ ਕੌਮੀ ਪ੍ਰਧਾਨ ਬਦੀਸ਼ ਜਿੰਦਲ ਨੇ ਬਜਟ ਨੂੰ ਨਿਰਾਸ਼ਾਜਨਕ ਦੱਸਿਆ।