ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਮਾਰਚ
ਬਜਟ ਇਜਲਾਸ ਵਿੱਚ ਅੱਜ ਦਲਿਤ ਬੱਚਿਆਂ ਦੇ ਵਜ਼ੀਫਿਆਂ ਦਾ ਮਾਮਲਾ ਵੀ ਮੁੱਖ ਮੁੱਦੇ ਦੇ ਤੌਰ ’ਤੇ ਉਭਰਿਆ। ਅਕਾਲੀ ਵਿਧਾਇਕ ਪਵਨ ਟੀਨੂੰ ਨੇ ਸਦਨ ’ਚ ਕਿਹਾ ਕਿ ਨਿੱਜੀ ਕਾਲਜਾਂ ਨੂੰ ਸਰਕਾਰ ਨੇ ਹਾਲੇ ਤਕ ਫੀਸ ਜਾਰੀ ਨਹੀਂ ਕੀਤੀ, ਜਿਸ ਕਰਕੇ ਉਨ੍ਹਾਂ ਕਾਲਜਾਂ ਨੇ ਹਜ਼ਾਰਾਂ ਵਿਦਿਆਰਥੀਆਂ ਦੀਆਂ ਡਿਗਰੀਆਂ ਰੱਖ ਲਈਆਂ ਹਨ। ਉਨ੍ਹਾਂ ਕਿਹਾ ਕਿ ਇਸ ਬਾਰੇ ਜੋ ਵਜ਼ੀਰਾਂ ਦੀ ਕਮੇਟੀ ਬਣੀ ਸੀ, ਉਸ ਨੇ ਤਿੰਨ ਦਿਨਾਂ ਵਿੱਚ ਕਾਲਜਾਂ ਨੂੰ ਡਿਗਰੀ ਜਾਰੀ ਕਰਨ ਲਈ ਕਿਹਾ ਸੀ ਪਰ ਫਿਰ ਵੀ ਮਸਲਾ ਹੱਲ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮਾਰਚ 2020 ’ਚ ਵਜ਼ੀਫਾ ਰਾਸ਼ੀ ਦੇ 309 ਕਰੋੜ ਰੁਪਏ ਕੇਂਦਰ ਸਰਕਾਰ ਤੋਂ ਆਏ ਹੋਏ ਹਨ, ਜਿਨ੍ਹਾਂ ਨੂੰ ਹਾਲੇ ਤਕ ਜਾਰੀ ਨਹੀਂ ਕੀਤਾ ਗਿਆ। ਜਵਾਬ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਆਡਿਟ ਦਾ ਮਸਲਾ ਹੋੋਣ ਕਰਕੇ ਅਜਿਹਾ ਹੋਇਆ ਹੈ ਪਰ 209 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਜੇ ਕੋਈ ਕਾਲਜ ਡਿਗਰੀਆਂ ਆਪਣੇ ਕੋਲ ਰੱਖੇਗਾ ਤਾਂ ਉਸ ਕਾਲਜ ਦੀ ਮਾਨਤਾ ਖ਼ਤਮ ਕਰਨ ਵਰਗਾ ਕਦਮ ਚੁੱਕਿਆ ਜਾਵੇਗਾ।
ਪੰਜਾਬੀ ਯੂਨੀਵਰਸਿਟੀ ਦਾ ਮਾਮਲਾ ਵੀ ਉੱਠਿਆ
ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬੀ ਯੂਨੀਵਰਸਿਟੀ ਦੀ ਮੰਦੀ ਵਿੱਤੀ ਹਾਲਤ ਬਾਰੇ ਸਦਨ ਵਿਚ ਦੁਹਾਈ ਪਾਈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕਰੀਬ 150 ਕਰੋੜ ਰੁਪਏ ਦੀ ਕਰਜ਼ਾਈ ਹੈ ਤੇ ਬੰਦ ਹੋਣ ਕੰਢੇ ਹੈ। ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਧਰਨੇ ਲਾਉਣੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ’ਵਰਸਿਟੀ ਵੱਲੋਂ ਮੁਲਾਜ਼ਮਾਂ ਦਾ ਜੀਪੀਐੱਫ ਕੱਟਿਆ ਗਿਆ ਹੈ ਪਰ ਹਾਲੇ ਤਕ ਜਮ੍ਹਾਂ ਨਹੀਂ ਕਰਾਇਆ ਗਿਆ।