ਗੁਰਦੀਪ ਸਿੰਘ ਲਾਲੀ
ਸੰਗਰੂਰ, 5 ਅਕਤੂਬਰ
ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਹੇਠ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦਾ ਘਿਰਾਓ ਕਰਨ ਲਈ ਇਕੱਠੇ ਹੋਏ ਸੈਂਕੜੇ ਬਸਪਾ ਕਾਰਕੁਨਾਂ ਨੂੰ ਪੁਲੀਸ ਨੇ ਉਸ ਵੇਲੇ ਨਾਕਾਬੰਦੀ ਕਰ ਕੇ ਰੋਕ ਲਿਆ ਜਦੋਂ ਉਹ ‘ਖੇਤੀ ਵਿਕਾਸ ਯਾਤਰਾ’ ਵੱਲ ਕੂਚ ਕਰ ਰਹੇ ਸਨ। ਪੁਲੀਸ ਵੱਲੋਂ ਰੋਕੇ ਜਾਣ ਮਗਰੋਂ ਬਸਪਾ ਕਾਰਕੁਨਾਂ ਨੇ ਪੰਜਾਬ ਸਰਕਾਰ ਤੇ ਰਾਹੁਲ ਗਾਂਧੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਖੇਤੀ ਵਿਕਾਸ ਯਾਤਰਾ ਭਵਾਨੀਗੜ੍ਹ ਲਈ ਰਵਾਨਾ ਹੋਣ ਅਤੇ ਪੁਲੀਸ ਦੀ ਘੇਰਾਬੰਦੀ ਖ਼ਤਮ ਹੋਣ ਮਗਰੋਂ ਬਸਪਾ ਵਰਕਰਾਂ ਨੇ ਸ਼ਹਿਰ ’ਚ ਵਿਸ਼ਾਲ ਰੋਸ ਮਾਰਚ ਕੱਢਿਆ।
ਦੱਸਣਯੋਗ ਹੈ ਕਿ ਸਕਾਲਸ਼ਿਪ ਮਾਮਲੇ ਵਿੱਚ ਦੋ ਦਿਨ ਪਹਿਲਾਂ ਹੀ ਬਸਪਾ ਨੇ ਰਾਹੁਲ ਗਾਂਧੀ ਦੇ ਘਿਰਾਓ ਦਾ ਐਲਾਨ ਕੀਤਾ ਸੀ। ਇਸ ਪ੍ਰੋਗਰਾਮ ਤਹਿਤ ਅੱਜ ਸਵੇਰ ਤੋਂ ਹੀ ਬਸਪਾ ਵਰਕਰ ਬਨਾਸਰ ਬਾਗ਼ ’ਚ ਇਕੱਠੇ ਹੋਣੇ ਸ਼ੁਰੂ ਹੋ ਗਏ, ਜਿਵੇਂ ਹੀ ਭਗਵਾਨ ਮਹਾਂਵੀਰ ਚੌਕ ’ਚ ਕਾਂਗਰਸ ਦੀ ਖੇਤੀ ਵਿਕਾਸ ਯਾਤਰਾ ਰੈਲੀ ਖਤਮ ਹੋਈ ਤਾਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ ਦੀ ਅਗਵਾਈ ਹੇਠ ਬਸਪਾ ਵਰਕਰਾਂ ਨੇ ਬਾਜ਼ਾਰ ਵੱਲ ਚਾਲੇ ਪਾ ਦਿੱਤੇ। ਬਸਪਾ ਕਾਰਕੁਨ ਰਾਹੁਲ ਦੇ ਕਾਫ਼ਲੇ ਦਾ ਘਿਰਾਓ ਕਰਨਾ ਚਾਹੁੰਦੇ ਸਨ, ਪਰ ਪਹਿਲਾਂ ਤੋਂ ਹੀ ਤਾਇਨਾਤ ਪੁਲੀਸ ਨੇ ਮਾਰਚ ਨੂੰ ਥੋੜ੍ਹੀ ਹੀ ਦੂਰ ਬੈਰੀਕੇਡ ਲਾ ਕੇ ਰੋਕ ਲਿਆ। ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਦਾ ਰੋਡ ਸ਼ੋਅ ਫਲਾਪ ਹੋ ਗਿਆ ਹੈ ਤੇ ਕਾਂਗਰਸ ਕਿਸਾਨਾਂ ਲਈ ਝੂਠੀ ਹਮਦਰਦੀ ਜਤਾ ਰਹੀ ਹੈ। ਸ੍ਰੀ ਗੜ੍ਹੀ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਰੋੜਾਂ ਰੁਪਏ ਦੇ ਕਥਿਤ ਘਪਲੇ ’ਚ ਕਲੀਨ ਚਿੱਟ ਦੇ ਦਿੱਤੀ ਹੈ ਜੋ ਦਲਿਤ ਵਿਦਿਆਰਥੀਆਂ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਬਸਪਾ ਪੰਜਾਬ ’ਚ ਦਲਿਤਾਂ ਤੇ ਓਬੀਸੀ ਵਰਗ, ਕਿਸਾਨਾਂ, ਮੁਲਾਜ਼ਮਾਂ, ਮਜ਼ਦੂਰਾਂ ਦੀ ਆਵਾਜ਼ ਬਣ ਕੇ 2022 ਦੀ ਤਿਆਰੀ ਕਰ ਰਹੀ ਹੈ ਤੇ ਪੰਜਾਬ ਦੀ ਰਾਜਨੀਤੀ ਵਿਚ ਇੱਕ ਨਵੇਂ ਯੁੱਗ ਦਾ ਆਗਾਜ਼ ਹੋਵੇਗਾ।