ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਮਾਰਚ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਖਿਆ ਕਿ ਬਸਪਾ ਦੇ ਬਾਨੀ ਪ੍ਰਧਾਨ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਮੌਕੇ 15 ਮਾਰਚ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਜਿੱਥੇ ਮੋਟਰਸਾਈਕਲ ਰੈਲੀਆਂ ਕੀਤੀਆਂ ਜਾਣਗੀਆਂ, ਉੱਥੇ ਨਾਲ ਹੀ ‘ਹਾਥੀ ਯਾਤਰਾਵਾਂ’ ਹੋਣਗੀਆਂ। ਉਹ ਅੱਜ ਇਥੇ ਪਾਰਟੀ ਦੇ ਸੂਬਾ ਦਫ਼ਤਰ ਵਿੱਚ ਅਹੁਦੇਦਾਰਾਂ ਨਾਲ ਮੀਟਿੰਗ ਕਰ ਰਹੇ ਸਨ। ਸੂਬਾ ਪ੍ਰਧਾਨ ਨੇ ਕਿਹਾ ਕਿ ਮੋਟਰਸਾਈਕਲ ਯਾਤਰਾ ਰਾਹੀਂ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਭਜਾਓ, ਪੰਜਾਬ ਬਚਾਓ ਦਾ ਸੁਨੇਹਾ ਦਿੱਤਾ ਜਾਵੇਗਾ। ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰ ਪਾਰਟੀ ਦੇ ਸੂਬਾ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਨੇ ਦੱਸਿਆ ਕਿ ‘ਬੇਗ਼ਮਪੁਰਾ ਪਾਤਸ਼ਾਹੀ ਬਣਾਓ ਰੈਲੀ’ ਕਰੋਨਾ ਮਹਾਮਾਰੀ ਦੀਆਂ ਸਰਕਾਰੀ ਹਦਾਇਤਾਂ ਦੇ ਮੱਦੇਨਜ਼ਰ 14 ਮਾਰਚ ਤੋਂ ਬਦਲ ਕੇ 2 ਅਪਰੈਲ ਕਰ ਦਿੱਤੀ ਗਈ ਹੈ।