ਪਾਲ ਸਿੰਘ ਨੌਲੀ
ਜਲੰਧਰ, 12 ਅਗਸਤ
ਬਹੁਜਨ ਸਮਾਜ ਪਾਰਟੀ ਨੇ ਫਿਲੌਰ ਵਿਧਾਨ ਸਭਾ ਹਲਕੇ ਦੇ ਤਿੰਨ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਪਾਰਟੀ ਦੇ ਸੂਬਾਈ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚੱਲਦਿਆਂ ਅੰਮ੍ਰਿਤਪਾਲ ਭੌਂਸਲੇ, ਰਾਮ ਸਰੂਪ ਸਰੋਆ ਅਤੇ ਸਰਪੰਚ ਖੁਸ਼ੀ ਰਾਮ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। ਉਧਰ ਬਸਪਾ ’ਚੋਂ ਕੱਢੇ ਗਏ ਇਨ੍ਹਾਂ ਆਗੂਆਂ ਨੇ ਹੰਗਾਮੀ ਮੀਟਿੰਗ ਸੱਦ ਕੇ ਐਲਾਨ ਕੀਤਾ ਕਿ ਉਹ 2 ਸਤੰਬਰ ਨੂੰ ਮੀਟਿੰਗ ਕਰਕੇ ਫੈਸਲਾ ਕਰਨਗੇ ਕਿ ਦੋਆਬੇ ਵਿਚ ਪਰਦਾਫਾਸ਼ ਰੈਲੀ ਕਦੋਂ ਤੇ ਕਿੱਥੇ ਕਰਨੀ ਹੈ।
ਅੰਮ੍ਰਿਤਪਾਲ ਭੌਂਸਲੇ ਨੇ ਕਿਹਾ ਕਿ ਗੁਰਾਇਆ ਵਿਚ ਕੀਤੇ ਵਰਕਰ ਸੰਮੇਲਨ ਨੇ ਸਪੱਸ਼ਟ ਰਾਹ ਦਿਖਾ ਦਿੱਤਾ ਹੈ ਕਿ ਸਮੁੱਚੇ ਫਿਲੌਰ ਵਿਧਾਨ ਸਭਾ ਹਲਕੇ ਦੇ ਬਸਪਾ ਵਰਕਰ ਇਕਜੁੱਟ ਹਨ ਤੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਸਬਕ ਸਿਖਾਉਣਗੇ ਜਿਹੜੇ ਪਾਰਟੀ ਦੇ ਬਾਨੀ ਬਾਬੂ ਕਾਂਸ਼ੀ ਰਾਮ ਅਤੇ ਪਾਰਟੀ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਵਿਰੁੱਧ ਅਪਸ਼ਬਦ ਬੋਲਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਪਾਰਟੀ ਦੀ ਸੂਬਾਈ ਲੀਡਰਸ਼ਿਪ ਨੇ ਜ਼ਿਲ੍ਹੇ ਦੇ ਚਾਰ ਵਾਰ ਪ੍ਰਧਾਨ ਰਹੇ ਰਾਮ ਸਰੂਪ ਸਰੋਆ ਨੂੰ ਪਾਰਟੀ ’ਚੋਂ ਕੱਢ ਕੇ ਇਕ ਤਰ੍ਹਾਂ ਨਾਲ ਬਾਬੂ ਕਾਂਸ਼ੀ ਰਾਮ ਦੇ ਸਿਧਾਂਤਾਂ ਨੂੰ ਤਿਲਾਂਜਲੀ ਦੇ ਦਿੱਤੀ ਹੈ। ਇਸੇ ਤਰ੍ਹਾਂ ਸਰਪੰਚ ਖੁਸ਼ੀ ਰਾਮ ਯੂਥ ਆਗੂ ਹਨ ਤੇ ਜ਼ਮੀਨੀ ਪੱਧਰ ’ਤੇ ਪਾਰਟੀ ਵਰਕਰਾਂ ਨਾਲ ਜੁੜੇ ਹੋਏ ਹਨ।
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ ’ਤੇ ਬਾਬੂ ਕਾਂਸ਼ੀ ਰਾਮ ਦੀ ਲਹਿਰ ਨੂੰ ਨੁਕਸਾਨ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬਾ ਲੀਡਰਸ਼ਿਪ ਨੇ ਬਸਪਾ ਦੀਆਂ ਮਜ਼ਬੂਤ ਸੀਟਾਂ ਅਕਾਲੀ ਦਲ ਦੀ ਝੋਲੀ ਪਾ ਦਿੱਤੀਆਂ ਹਨ।