ਪੱਤਰ ਪ੍ਰੇਰਕ
ਪਠਾਨਕੋਟ, 15 ਮਈ
ਬਮਿਆਲ ਸੈੱਕਟਰ ਵਿੱਚ ਅੱਜ ਸਵੇਰੇ 4.40 ਵਜੇ ਬੀਐੱਸਐੱਫ ਦੀ ਪਹਾੜੀਪੁਰ ਪੋਸਟ ’ਤੇ ਪਾਕਿਸਤਾਨੀ ਡਰੋਨ ਦੀ ਗਤੀਵਿਧੀ ਦੇਖੀ ਗਈ। ਪਾਕਿਸਤਾਨੀ ਡਰੋਨ ਭਾਰਤ ਦੀ ਸੀਮਾ ਵਿੱਚ ਦਾਖ਼ਲ ਹੋ ਰਿਹਾ ਸੀ ਤਾਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਡਰੋਨ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ’ਤੇ ਡਰੋਨ ਵਾਪਸ ਪਾਕਿਸਤਾਨ ਦੀ ਸੀਮਾ ਵਿੱਚ ਚਲਾ ਗਿਆ। ਬੀਐੱਸਐੱਫ ਨੇ 19 ਗੋਲੀਆਂ ਚਲਾਈਆਂ। ਘਟਨਾ ਦੇ ਤੁਰੰਤ ਬਾਅਦ ਬੀਐੱਸਐੱਫ ਵੱਲੋਂ ਪੂਰੇ ਖੇਤਰ ਦੀ ਘੇਰਾਬੰਦੀ ਕਰ ਦਿੱਤੀ ਗਈ। ਪੰਜਾਬ ਪੁਲੀਸ ਨੇ ਕਮਾਂਡੋ ਦੀਆਂ ਸਵੈਟ ਟੀਮਾਂ ਤੇ ਬੀਐੱਸਐੱਫ ਨੂੰ ਨਾਲ ਲੈ ਕੇ ਸਰਚ ਅਭਿਆਨ ਚਲਾਇਆ। ਇਹ ਅਪਰੇਸ਼ਨ ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਦੀਪਕ ਕੁਮਾਰ ਤੇ ਇੰਸਪੈਕਟਰ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ, ਸਵੈਟ ਕਮਾਂਡੋਜ਼ ਅਤੇ ਪੁਲੀਸ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ।