ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਅਕਤੂਬਰ
ਇੱਥੇ ਇਕ ਸਰਹੱਦੀ ਪਿੰਡ ਵਿੱਚ ਲੰਘੀ ਰਾਤ ਪਾਕਿਸਤਾਨ ਵੱਲੋਂ ਆਏ ਇਕ ਡਰੋਨ ਨੂੰ ਸਰਹੱਦ ’ਤੇ ਤਾਇਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਚੌਕਸ ਜਵਾਨਾਂ ਨੇ ਗੋਲੀਆਂ ਚਲਾ ਕੇ ਡੇਗ ਦਿੱਤਾ। ਉਪਰੰਤ ਸਰਹੱਦੀ ਪਿੰਡ ਰਾਣੀਆਂ ਦੇ ਇਲਾਕੇ ਵਿੱਚ ਕੀਤੀ ਗਈ ਜਾਂਚ ਦੌਰਾਨ ਬੀਐੱਸਐੱਫ ਨੂੰ ਇਹ ਡਰੋਨ ਅਤੇ ਦੋ ਪੈਕੇਟ ਨਸ਼ੀਲੇ ਪਦਾਰਥ ਮਿਲੇ ਹਨ। ਬੀਐੱਸਐੱਫ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਲੰਘੀ ਰਾਤ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨਾਂ ਨੂੰ ਪਾਕਿਸਤਾਨ ਵਾਲੇ ਪਾਸਿਓਂ ਆਏ ਡਰੋਨ ਦੀ ਆਵਾਜ਼ ਸੁਣੀ ਤਾਂ ਜਵਾਨਾਂ ਵੱਲੋਂ ਚਲਾਈ ਗੋਲੀ ਲੱਗਣ ਕਾਰਨ ਇਹ ਡਰੋਨ ਹੇਠਾਂ ਡਿੱਗ ਗਿਆ। ਬਾਅਦ ਵਿੱਚ ਇਸ ਸਾਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਪੁਲੀਸ ਤੇ ਹੋਰ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ। ਮੁੱਢਲੀ ਜਾਂਚ ਦੌਰਾਨ ਪਿੰਡ ਰਾਣੀਆਂ ਕੋਲੋਂ ਇਹ 12 ਕਿੱਲੋ ਵਜ਼ਨ ਦਾ ਡਰੋਨ ਕੁਆਡਕੌਪਟਰ ਬਰਾਮਦ ਹੋਇਆ ਹੈ।