ਰਾਮਦਾਸ (ਪੱਤਰ ਪ੍ਰੇਰਕ): ਬੀਐੱਸਐੱਫ ਨੇ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਪੀਓ ਕਾਲਮ ਡੋਗਰ ਨੇੜੇ ਪਾਕਿਸਤਾਨ ਤੋਂ ਆਏ ਇੱਕ ਡਰੋਨ ਨੂੰ ਗੋਲੀਆਂ ਮਾਰ ਕੇ ਡੇਗ ਦਿੱਤਾ ਅਤੇ 13 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ ਸਾਢੇ ਅੱਠ ਵਜੇ ਬੀਪੀਓ ਕਾਲਮ ਡੋਗਰ ਵਿੱਚ ਬੀਐੱਸਐੱਫ ਦੇ ਜਵਾਨਾਂ ਨੂੰ ਸਰਹੱਦ ਉਪਰ ਡਰੋਨ ਦੀ ਹਰਕਤ ਸੁਣਾਈ ਦਿੱਤੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਜਵਾਨਾਂ ਨੇ ਫਾਇਰਿੰਗ ਕਰਕੇ ਡਰੋਨ ਨੂੰ ਥੱਲੇ ਸੁੱਟ ਦਿੱਤਾ। ਜਾਂਚ ਕਰਨ ’ਤੇ ਡਰੋਨ ਨਾਲ ਬੰਨ੍ਹੇ ਇੱਕ ਬੈਗ ’ਚੋਂ ਕਰੀਬ ਢਾਈ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਪਿਛਲੇ ਪੰਜ ਦਿਨਾਂ ਵਿੱਚ ਬੀਐੱਸਐੱਫ ਨੇ ਪਾਕਿਸਤਾਨ ਤੋਂ ਆਏ ਤਿੰਨ ਡਰੋਨ ਸੁੱਟੇ ਹਨ। ਬੀਤੇ ਕੱਲ੍ਹ ਵੀ ਰਾਣੀਆਂ ਖੇਤਰ ਵਿਚੋਂ ਇੱਕ ਡਰੋਨ ਬੀਐੱਸਐੱਫ ਵਲੋਂ ਸੁੱਟਿਆ ਗਿਆ ਸੀ।
ਇਸ ਮਾਮਲੇ ਤੋਂ ਬਾਅਦ ਪੁਲੀਸ ਅਤੇ ਬੀਐੱਸਐੱਫ ਦੇ ਉੱਚ ਅਧਿਕਾਰੀਆਂ ਵੱਲੋਂ ਪੂਰੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਸਰਹੱਦ ’ਤੇ ਲਗਾਤਾਰ ਪਾਕਿਸਤਾਨ ਵਲੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ੀਲੇ ਪਦਾਰਥ ਸੁੱਟਣ ਦੀਆਂ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਸਰਹੱਦੀ ਲੋਕਾਂ ਵਿੱਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ।