ਨਿੱਜੀ ਪੱਤਰ ਪ੍ਰੇਰਕ
ਫਾਜ਼ਿਲਕਾ, 27 ਜੂਨ
ਇੱਥੇ ਭਾਰਤ-ਪਾਕਿਸਤਾਨ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਜਵਾਨਾਂ ਵੱਲੋਂ ਇਕ ਪਾਕਿਸਤਾਨੀ ਡਰੋਨ ਨੂੰ ਡੇਗਿਆ ਗਿਆ ਹੈ। ਡਰੋਨ ਦੇ ਨਾਲ ਕਰੋੜਾਂ ਰੁਪਏ ਮੁੱਲ ਦੀ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। ਬੀਐੱਸਐੱਫ ਦੇ ਡੀਆਈਜੀ ਵੇਦ ਪ੍ਰਕਾਸ਼ ਬਡੋਲਾ ਨੇ ਦੱਸਿਆ ਕਿ ਡੇਗੇ ਗਏ ਡਰੋਨ ਦੇ ਨਾਲ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ, ਜਿਸ ਦਾ ਭਾਰ ਇਕ ਕਿੱਲੋ 630 ਗ੍ਰਾਮ ਹੈ। ਉਨ੍ਹਾਂ ਦੱਸਿਆ ਕਿ ਇਹ ਡਰੋਨ ਪਾਕਿਸਤਾਨ ਵਾਲੇ ਪਾਸਿਓਂ ਭਾਰਤ ਅੰਦਰ ਦਾਖ਼ਲ ਹੋਇਆ ਸੀ, ਪਰ ਬੀਐੱਸਐੱਫ ਦੀ 55ਵੀਂ ਬਟਾਲੀਅਨ ਦੇ ਜਵਾਨਾਂ ਦੀ ਮੁਸਤੈਦੀ ਕਾਰਨ ਡਰੋਨ ਡੇਗ ਦਿੱਤਾ ਗਿਆ। ਉਪਰੰਤ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਤਲਾਸ਼ੀ ਮੁਹਿੰਮ ਫਾਜ਼ਿਲਕਾ ਦੇ ਐੱਸਪੀ ਅਜੈ ਰਾਜ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਹੈ, ਜਿਸ ਵਿੱਚ ਦੋ ਡੀਐੱਸਪੀ ਅਤੇ 70 ਪੁਲੀਸ ਮੁਲਾਜ਼ਮ ਸ਼ਾਮਲ ਸਨ।