ਪੱਤਰ ਪ੍ਰੇਰਕ
ਗੁਰਦਾਸਪੁਰ/ਡੇਰਾ ਬਾਬਾ ਨਾਨਕ, 24 ਦਸੰਬਰ
ਕੌਮਾਂਤਰੀ ਸੀਮਾ ਕੋਲ ਲੰਘੀ ਰਾਤ ਬੀਐੱਸਐੱਫ ਦੀਆਂ ਦੋ ਪੋਸਟਾਂ ’ਤੇ ਪਾਕਿਸਤਾਨ ਵਾਲੇ ਪਾਸਿਓਂ ਦੋ ਡਰੋਨ ਉੱਡਦੇ ਦਿਖਾਈ ਦੇਣ ’ਤੇ ਬੀਐੱਸਐੱਫ ਦੇ ਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਮਗਰੋਂ ਇਹ ਡਰੋਨ ਪਾਕਿਸਤਾਨ ਵਾਲੇ ਪਾਸੇ ਪਰਤ ਗਏ| ਅੱਜ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਰਾਜੇਸ਼ ਸ਼ਰਮਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਜਵਾਨਾਂ ਨੂੰ ਖੇਤਰ ਵਿੱਚ ਛਾਣਬੀਣ ਕਰਨ ਦੇ ਆਦੇਸ਼ ਦਿੱਤੇ| ਇਸ ਤੋਂ ਦੋ ਦਿਨ ਪਹਿਲਾਂ ਵੀ ਜ਼ਿਲ੍ਹੇ ਦੇ ਸਲਾਚ ਪਿੰਡ ਦੇ ਖੇਤਾਂ ਵਿੱਚ ਇੱਕ ਪੈਕੇਟ ਵਿੱਚ ਬੰਦ ਗਿਆਰਾਂ ਹੱਥ ਗੋਲੇ ਅਤੇ ਇੱਕ ਰਾਈਫ਼ਲ ਮਿਲੀ ਸੀ। ਜਾਣਕਾਰੀ ਅਨੁਸਾਰ ਬੀਐੱਸਐੱਫ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਰੋਸਾ ’ਤੇ ਬੀਤੀ ਰਾਤ 12.35 ਅਤੇ ਚੰਦੂ ਵਡਾਲਾ ’ਤੇ 01.7 ਮਿੰਟ ’ਤੇ ਅਸਮਾਨ ਵਿੱਚ ਦੋ ਡਰੋਨ ਦੇਖੇ। ਬੀਐੱਸਐੱਫ ਜਵਾਨਾਂ ਵੱਲੋਂ ਡਰੋਨਾਂ ’ਤੇ ਫਾਇਰਿੰਗ ਕੀਤੀ ਗਈ, ਜਿਸ ’ਤੇ ਡਰੋਨ ਪਾਕਿਸਤਾਨ ਵਾਲੇ ਪਾਸੇ ਪਰਤ ਗਏ। ਅੱਜ ਪੰਜਾਬ ਪੁਲੀਸ ਅਤੇ ਬੀਐੱਸਐੱਫ ਨੇ ਸਰਹੱਦੀ ਖੇਤਰ ਵਿੱਚ ਸਾਂਝੀ ਤਲਾਸ਼ੀ ਮੁਹਿੰਮ ਚਲਾਈ।