ਨਿੱਜੀ ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 6 ਅਕਤੂਬਰ
ਭਾਰਤ-ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਹੱਦ ’ਤੇ ਤਿੰਨ ਥਾਵਾਂ ਤੋਂ ਆਏ ਡਰੋਨ ਬੀਐੱਸਐੱਫ ਕਾਂਸਟੇਬਲਾਂ ਨੇ ਫਾਇਰਿੰਗ ਕਰ ਕੇ ਵਾਪਸ ਭੇਜ ਦਿੱਤੇ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 89 ਬਟਾਲੀਅਨ ਦੀ ਬੀਓਪੀ ਬੋਹੜ ਵਡਾਲਾ ਦੀ ਸਰਹੱਦ ’ਤੇ ਤਾਇਨਾਤ ਮਾਹਿਲਾ ਕਾਂਸਟੇਬਲਾਂ ਨੇ ਜਦੋਂ ਉੱਥੇ ਡਰੋਨ ਉੱਡਦਾ ਦੇਖਿਆ ਤਾਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐਨ ਇਸੇ ਮੌਕੇ ਬੀਓਪੀ ਕਾਂਸੀ ਬਰਮਨ ਅਤੇ ਪੋਸਟ ਚੌਂਤਰਾ ’ਤੇ ਤਾਇਨਾਤ ਜਵਾਨਾਂ ਨੇ ਵੀ ਡਰੋਨ ਦਿਸਣ ’ਤੇ ਗੋਲੀਆਂ ਚਲਾਈਆਂ, ਜਿਸ ਮਗਰੋਂ ਡਰੋਨ ਵਾਪਸ ਚਲੇ ਗਏ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਕਿਹਾ ਕਿ ਬੀਐੱਸਐੱਫ ਦੇ ਜਵਾਨ ਸਰਹੱਦ ’ਤੇ ਪੂਰੀ ਤਰ੍ਹਾਂ ਚੌਕਸ ਹਨ। ਇਸ ਘਟਨਾ ਮਗਰੋਂ ਉਨ੍ਹਾਂ ਖੋਜ ਮੁਹਿੰਮ ਚਲਾਈ ਪਰ ਇਸ ਦੌਰਾਨ ਉਨ੍ਹਾਂ ਹੱਥ ਕੁੱਝ ਨਾ ਲੱਗਾ।