ਦਿਲਬਾਗ ਸਿੰਘ
ਅਟਾਰੀ, 16 ਅਗਸਤ
ਭਾਰਤ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਵੱਲੋਂ ਪਾਕਿਸਤਾਨ ਰੇਂਜਰਜ਼ ਨੂੰ ਮਠਿਆਈ ਭੇਟ ਕੀਤੀ ਗਈ। ਬੀਐੱਸਐੱਫ ਦੀ 144ਵੀਂ ਬਟਾਲੀਅਨ ਦੇ ਕਮਾਂਡੈਂਟ ਜਸਬੀਰ ਸਿੰਘ ਨੇ ਪਾਕਿਸਤਾਨ ਰੇਂਜਰਜ਼ ਦੇ ਵਿੰਗ ਕਮਾਂਡਰ ਮੁਹੰਮਦ ਹਸਨ ਨੂੰ ਮਠਿਆਈ ਭੇਟ ਕਰ ਕੇ ਆਜ਼ਾਦੀ ਦਿਵਸ ਦੀ ਵਧਾਈ ਦਿੱਤੀ। ਇਸ ਤੋਂ ਪਹਿਲਾਂ ਸਵੇਰੇ ਕਮਾਂਡੈਂਟ ਜਸਬੀਰ ਸਿੰਘ ਨੇ ਅਟਾਰੀ ਸਰਹੱਦ ’ਤੇ ਸਾਂਝੀ ਜਾਂਚ ਚੌਕੀ ਨੇੜੇ ਤਿਰੰਗਾ ਲਹਿਰਾਇਆ ਅਤੇ ਜਵਾਨਾਂ ਨੇ ਉਨ੍ਹਾਂ ਨੂੰ ‘ਗਾਰਡ ਆਫ਼ ਆਨਰ’ ਦਿੱਤਾ। ਮਗਰੋਂ ਉਨ੍ਹਾਂ ਬੀਐੱਸਐੱਫ ਦੇ ਜਵਾਨਾਂ ਨੂੰ ਵੀ ਮਠਿਆਈ ਵੰਡੀ। ਇਸੇ ਦੌਰਾਨ ਅਟਾਰੀ ਸਰਹੱਦ ’ਤੇ ਮੁਲਕ ਦਾ 75ਵਾਂ ਆਜ਼ਾਦੀ ਦਿਹਾੜਾ ਬੜੇ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। ਇਸ ਮੌਕੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਸੁਰਜੀਤ ਸਿੰਘ ਦੇਸਵਾਲ ਨੇ ਕਿਹਾ ਕਿ ਉਹ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਲਈ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ।