ਆਤਿਸ਼ ਗੁਪਤਾ
ਚੰਡੀਗੜ੍ਹ, 5 ਅਗਸਤ
ਟੋਕੀਓ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਇਤਿਹਾਸਕ ਜਿੱਤ ’ਤੇ ਹਾਕੀ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸ਼ਹਿਰ ਦੇ ਵੱਖ-ਵੱਖ ਗਰਾਊਂਡ ਅਤੇ ਸਕੂਲਾਂ ਵਿੱਚ ਸ਼ਹਿਰ ਵਾਸੀਆਂ ਵੱਲੋਂ ਜਸ਼ਨ ਮਨਾਏ ਗਏ। ਖੇਡ ਵਿਭਾਗ ਨੇ ਵੀ ਸੈਕਟਰ-42 ਖੇਡ ਕੰਪਲੈਕਸ ਦੇ ਹਾਕੀ ਮੈਦਾਨ ਵਿੱਚ ਖਿਡਾਰੀਆਂ ਨਾਲ ਖੁਸ਼ੀ ਜਾਹਿਰ ਕੀਤੀ। ਦੱਸਣਯੋਗ ਹੈ ਕਿ ਭਾਰਤੀ ਹਾਕੀ ਟੀਮ ਪੁਰਸ਼ ਵਿੱਚ ਦੋ ਖਿਡਾਰੀ ਰੁਪਿੰਦਰ, ਗੁਰਜੰਟ ਅਤੇ ਮਹਿਲਾ ਟੀਮ ਦੀ ਖਿਡਾਰਨਾਂ ਮੋਨਿਕਾ, ਰੀਨਾ ਅਤੇ ਸ਼ਰਮੀਲਾ ਚੰਡੀਗੜ੍ਹ ਤੋਂ ਹਾਕੀ ਦੀ ਸਿਖਲਾਈ ਲੈ ਚੁੱਕੇ ਹਨ।
ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਰੁਪਿੰਦਰਪਾਲ ਸਿੰਘ ਦਾ ਜਨਮ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ 11 ਨਵੰਬਰ, 1990 ਨੂੰ ਹੋਇਆ ਸੀ। ਉਸ ਤੋਂ ਬਾਅਦ ਰੁਪਿੰਦਰ ਨੇ ਸਾਲ-2002 ਵਿੱਚ ਚੰਡੀਗੜ੍ਹ ਦੀ ਹਾਕੀ ਅਕੈਡਮੀ ਤੋਂ ਸਿਖਲਾਈ ਲਈ, ਜਿਸ ਤਹਿਤ ਉਹ ਸਾਲ 2014, 16 ਅਤੇ 18 ਵਿੱਚ ਭਾਰਤੀ ਹਾਕੀ ਟੀਮ ਦਾ ਹਿੱਸਾ ਰਿਹਾ। ਅੰਮ੍ਰਿਤਸਰ ਦੇ ਜੰਮਪਲ ਗੁਰਜੰਟ ਸਿੰਘ ਦਾ ਜਨਮ 26 ਜਨਵਰੀ, 1995 ਨੂੰ ਹੋਇਆ ਸੀ। ਉਹ ਵੀ ਸਾਲ 2007 ਤੋਂ 11 ਤੱਕ ਚੰਡੀਗੜ੍ਹ ਹਾਕੀ ਅਕੈਡਮੀ ਵਿੱਚ ਖੇਡਦਾ ਰਿਹਾ।
ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਮੋਨਿਕਾ ਮਲਿਕ ਚੰਡੀਗੜ੍ਹ ਦੇ ਸੈਕਟਰ-44 ਵਿੱਚ ਰਹਿਣ ਵਾਲੀ ਹੈ, ਜਿਸ ਦੇ ਪਿਤਾ ਤਕਦੀਰ ਸਿੰਘ ਮਲਿਕ ਚੰਡੀਗੜ੍ਹ ਪੁਲੀਸ ਵਿੱਚੋਂ ਬਤੌਰ ਏਐੱਸਆਈ ਸੇਵਾਮੁਕਤ ਹੋਏ ਹਨ। ਮੋਨਿਕਾ ਨੇ ਹਾਕੀ ਦੀ ਸਿਖਲਾਈ ਸੈਕਟਰ-18 ਸਥਿਤ ਹਾਕੀ ਅਕੈਡਮੀ ਤੋਂ ਲਈ ਹੈ। ਦੂਜੀ ਖਿਡਾਰਨ ਰੀਨਾ ਸੈਕਟਰ-27 ਵਿੱਚ ਰਹਿਣ ਵਾਲੀ ਹੈ। ਉਸ ਦੇ ਪਿਤਾ ਜਸਪਾਲ ਸਿੰਘ ਜੋ ਕਿ ਬੀਐੱਸਐੱਫ ਵਿੱਚੋਂ ਸੇਵਾਮੁਕਤ ਹੋ ਚੁੱਕੇ ਹਨ। ਬੀਤੇ ਦਿਨ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਰ ਤੋਂ ਬਾਅਦ ਭਾਵੇਂ ਦੋਵਾਂ ਖਿਡਾਰਨਾਂ ਦੇ ਪਰਿਵਾਰ ਵਿੱਚ ਮਾਯੂਸੀ ਦਾ ਮਾਹੌਲ ਬਣ ਗਿਆ ਸੀ ਪਰ ਪਰਿਵਾਰਕ ਮੈਂਬਰ ਹਾਲੇ ਭਾਰਤੀ ਪੁਰਸ਼ ਹਾਕੀ ਟੀਮ ਦੀ ਤਰ੍ਹਾਂ ਕਾਂਸੀ ਦੇ ਤਗ਼ਮੇ ਦੀ ਆਸ ਕਰ ਰਹੇ ਹਨ। ਦੱਸਣਯੋਗ ਹੈ ਕਿ ਭਾਰਤੀ ਮਹਿਲਾ ਹਾਕੀ ਟੀਮ ਦੀ ਖਿਡਾਰਨ ਸ਼ਰਮਿਲਾ ਨੇ ਵੀ ਚੰਡੀਗੜ੍ਹ ਤੋਂ ਹਾਕੀ ਦੀ ਸਿਖਲਾਈ ਲਈ ਹੈ।
ਖਿਡਾਰੀਆਂ ਦਾ ਚੰਡੀਗੜ੍ਹ ਵਿੱਚ ਕੀਤਾ ਜਾਵੇਗਾ ਸਨਮਾਨ: ਤੇਜਦੀਪ ਸੈਣੀ
ਚੰਡੀਗੜ੍ਹ ਖੇਡ ਵਿਭਾਗ ਦੇ ਡਾਇਰੈਕਟਰ ਤੇਜਦੀਪ ਸਿੰਘ ਸੈਣੀ ਨੇ ਭਾਰਤੀ ਹਾਕੀ ਟੀਮ ਦੀ ਜਿੱਤ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਟੀਮ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਭਾਰਤ ਵਾਪਸੀ ਕਰਨ ਉਪਰੰਤ ਖਿਡਾਰੀਆਂ ਨੂੰ ਚੰਡੀਗੜ੍ਹ ਬੁਲਾ ਕੇ ਸਨਮਾਨਿਆ ਜਾਵੇਗਾ। ਸ੍ਰੀ ਸੈਣੀ ਨੇ ਕਿਹਾ ਕਿ ਚੰਡੀਗੜ੍ਹ ਦਾ ਖੇਡ ਵਿਭਾਗ ਤੋਂ ਕਈ ਖਿਡਾਰੀ ਦੇਸ਼ ਦਾ ਨਾਮ ਦੁਨੀਆ ਵਿੱਚ ਰੌਸ਼ਨ ਕਰ ਰਹੇ ਹਨ। ਭਵਿੱਖ ਵਿੱਚ ਵੀ ਵਧੀਆ ਖਿਡਾਰੀਆਂ ਤਿਆਰ ਕਰਨ ਲਈ ਖੇਡ ਵਿਭਾਗ ਪੂਰੀ ਮਿਹਨਤ ਕਰ ਰਿਹਾ ਹੈ।