ਤਨੂਸ਼੍ਰੀ ਦੀ ਮਾਤਾ ਉਸਦੇ ਜ਼ਖ਼ਮਾਂ ’ਤੇ ਹਲਦੀ ਦਾ ਲੇਪ ਲਾਉਂਦੀ ਹੋਈ। -ਫੋਟੋ: ਹਿਮਾਂਸ਼ੂ ਮਹਾਜਨ
ਗਗਨਦੀਪ ਅਰੋੜਾ
ਲੁਧਿਆਣਾ, 3 ਮਾਰਚ
ਮੁੱਖ ਅੰਸ਼
- ਲੁਧਿਆਣਾ ਪੁੱਜੀ ਤਨੂਸ਼੍ਰੀ ਨੇ ਦੱਸੀ ਆਪਣੀ ਹੱਡਬੀਤੀ
ਮਨਫ਼ੀ 5 ਡਿਗਰੀ ਸੈਲਸੀਅਸ ਤਾਪਮਾਨ ’ਚ 15 ਘੰਟਿਆਂ ਤੱਕ ਬਿਨਾਂ ਰੁਕੇ ਭੁੱਖੇ ਪਿਆਸੇ 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਮਗਰੋਂ ਯੂਕਰੇਨ ਵਿੱਚ ਫ਼ਸੇ ਭਾਰਤੀ ਵਿਦਿਆਰਥੀ ਦੋ ਦਿਨ ਸੜਕਾਂ ’ਤੇ ਕੱਟਣ ਮਗਰੋਂ ਪੋਲੈਂਡ ਪੁੱਜੇ। ਉਥੇ ਮੌਜੂਦ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਤੇ ਦੋ ਦਿਨ ਕਤਾਰਾਂ ’ਚ ਖੜ੍ਹਨ ਮਗਰੋਂ ਉਡਾਣ ਮਿਲੀ ਤੇ ਇਸਤੰਬੁਲ ਤੋਂ ਹੁੰਦੇ ਹੋਏ ਵਿਦਿਆਰਥੀ ਆਖਰਕਾਰ ਭਾਰਤ ਪੁੱਜੇ। ਇਹ ਜਾਣਕਾਰੀ ਇਨ੍ਹਾਂ ਵਿਦਿਆਰਥੀਆਂ ਵਿੱਚ ਸ਼ਾਮਲ ਲੁਧਿਆਣਾ ਦੀ ਤਨੂਸ਼੍ਰੀ ਨੇ ਅੱਜ ਆਪਣੇ ਘਰ ਪਹੁੰਚਣ ਮਗਰੋਂ ਦਿੱਤੀ। ਤਨੂਸ਼੍ਰੀ ਨੇ ਦੱਸਿਆ ਕਿ ਜੰਗ ਛਿੜਨ ਮਗਰੋਂ ਯੂਕਰੇਨ ਦੇ ਹਾਲਾਤ ਬਹੁਤ ਖਰਾਬ ਹਨ। ਭਾਰਤੀ ਸੈਨਾ ’ਚ ਬਤੌਰ ਸੂਬੇਦਾਰ ਤਾਇਨਾਤ ਰਾਜ ਕੁਮਾਰ ਦੀ ਧੀ ਤਨੂਸ਼੍ਰੀ ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਬੱਲੋਵਾਲ ਦੀ ਰਹਿਣ ਵਾਲੀ ਹੈ ਤੇ ਹੁਣ ਇੱਥੇ ਸ਼ਿਮਲਾਪੁਰੀ ਸਥਿਤ ਮਹਾਂ ਸਿੰਘ ਨਗਰ ’ਚ ਆਪਣੀ ਭੂਆ ਕੋਲ ਰਹਿ ਰਹੀ ਹੈ। ਉਸ ਨੇ ਦੱਸਿਆ ਕਿ ਉਹ 2019 ’ਚ ਯੂਕੇਰਨ ਦੇ ਨੈਸ਼ਨਲ ਮੈਡੀਕਲ ਯੂਨੀਵਰਸਿਟੀ ’ਚ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਗਈ ਸੀ। ਹਾਲਾਤ ਵਿਗੜਨ ਤੋਂ ਬਾਅਦ ਵੀ ਉਨ੍ਹਾਂ ਦੇ ਕਾਲਜ ਨੇ ਉਨ੍ਹਾਂ ਨੂੰ ਦੇਸ਼ ਪਰਤਣ ਦੀ ਆਗਿਆ ਨਹੀਂ ਸੀ ਦਿੱਤੀ। 24 ਫਰਵਰੀ ਨੂੰ ਹਮਲੇ ਸ਼ੁਰੂ ਹੋਣ ਮਗਰੋਂ ਲਗਪਗ ਛੇ ਸੌ ਵਿਦਿਆਰਥੀਆਂ ਨੂੰ ਕਾਲਜ ਦੇ ਬੰਕਰਾਂ ’ਚ ਭੇਜ ਦਿੱਤਾ, ਜਿਥੇ ਬੈਠਣ ਦੀ ਵੀ ਥਾਂ ਨਹੀਂ ਸੀ। ਸਰਹੱਦ ’ਤੇ ਪੁੱਜਣ ਦੇ ਨਿਰਦੇਸ਼ ਮਿਲਣ ਮਗਰੋਂ ਕੁਝ ਵਿਦਆਰਥੀਆਂ ਨੇ ਬੱਸ ਕਿਰਾਏ ’ਤੇ ਕਰਕੇ ਸਰਹੱਦ ਵੱਲ ਚਾਲੇ ਪਾਏ। ਉਸ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਉਨ੍ਹਾਂ ਨੂੰ ਪੋਲੈਂਡ ਦੀ ਸਰਹੱਦ ਤੋਂ 50 ਕਿਲੋਮੀਟਰ ਪਹਿਲਾਂ ਹੀ ਲਾਹ ਦਿੱਤਾ। ਮਨਫ਼ੀ ਪੰਜ ਡਿਗਰੀ ਤਾਪਮਾਨ ਵਿੱਚ ਵਿਦਿਆਰਥੀਆਂ ਨੂੰ ਸਰਹੱਦ ਤਕ ਤੁਰ ਕੇ ਜਾਣਾ ਪਿਆ। ਰਾਹ ’ਚ ਨਾ ਉਨ੍ਹਾਂ ਨੂੰ ਪਾਣੀ ਮਿਲਿਆ ਤੇ ਨਾ ਹੀ ਕੁਝ ਖਾਣ ਨੂੰ। ਲਗਾਤਾਰ 15 ਘੰਟੇ ਤੁਰਨ ਮਗਰੋਂ ਇਹ ਵਿਦਿਆਰਥੀ ਮੈਦੁਕਾ ਸਰਹੱਦ ਦੀ ਯੂਕਰੇਨ ਚੈੱਕਪੋਸਟ ’ਤੇ ਪਹੁੰਚੇ। ਇੰਨਾ ਸਮਾਂ ਲਗਾਤਾਰ ਤੁਰਨ ਕਰਕੇ ਵਿਦਿਆਰਥੀਆਂ ਦੇ ਪੈਰ ਵੀ ਸੁੱਜ ਗਏ ਤੇ ਉਨ੍ਹਾਂ ਦੀ ਹਾਲਤ ਵੀ ਵਿਗੜ ਗਈ। ਵਿਦਿਆਰਥਣ ਨੇ ਦੱਸਿਆ ਕਿ ਉਥੇ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ ਤੇ ਉਨ੍ਹਾਂ ’ਤੇ ਬੰਦੂਕਾਂ ਵੀ ਤਾਣੀਆਂ ਗਈਆਂ। ਮੈਦੁਕਾ ਪਹੁੰਚ ਉਹ ਕਈ ਘੰਟੇ ਕਤਾਰਾਂ ਵਿੱਚ ਖੜ੍ਹੇ ਰਹੇ। ਅਖੀਰ ਉਨ੍ਹਾਂ ਨੂੰ 28 ਫਰਵਰੀ ਨੂੰ ਪੋਲੈਂਡ ’ਚ ਦਾਖ਼ਲ ਹੋਣ ਦਿੱਤਾ ਗਿਆ। ਜਿਸ ਮਗਰੋਂ ਇਹ ਵਿਦਿਆਰਥੀ ਉਡਾਣ ਰਾਹੀਂ ਭਾਰਤ ਪੁੱਜੇ। ਮੁਸੀਬਤਾਂ ਕੱਟ ਕੇ ਘਰ ਪਹੁੰਚੀ ਆਪਣੀ ਭਤੀਜੀ ਦੇ ਸੁੱਜੇ ਹੋਏ ਪੈਰਾਂ ’ਤੇ ਤਨੂਸ਼੍ਰੀ ਦੀ ਭੂਆ ਨੇ ਹਲਦੀ ਦਾ ਲੇਪ ਲਾਇਆ।