ਕੀਰਤਪੁਰ ਸਾਹਿਬ, 4 ਜੁਲਾਈ
ਇਥ ਇਕ ਕਾਰ ਬੇਕਾਬੂ ਹੋ ਕੇ ਕਬਾੜ ਦੀ ਦੁਕਾਨ ਵਿਚ ਜਾ ਵੜੀ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਨਾਬਾਲਗ ਲੜਕੇ ਨੇ ਪੀਜੀਆਈ ਚੰਡੀਗੜ੍ਹ ਪਹੁੰਚਦੇ ਸਾਰ ਦਮ ਤੋੜ ਦਿੱਤਾ। ਹਾਦਸਾ ਸ੍ਰੀ ਕੀਰਤਪੁਰ ਸਾਹਿਬ-ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਇੰਡੀਅਨ ਆਇਲ ਪੈਟਰੋਲ ਪੰਪ ਦੇ ਸਾਹਮਣੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਅਧੀਨ ਪੈਂਦੇ ਪਿੰਡ ਭਗਵਾਲਾ ’ਚ ਦੁਪਹਿਰ ਬਾਅਦ ਯਸਪਾਲ ਸ਼ਰਮਾ ਦੀ ਦੁਕਾਨ ਵਿਚ ਵਾਪਰਿਆ। ਮ੍ਰਿਤਕਾਂ ਦੀ ਪਹਿਚਾਣ ਕਬਾੜ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਬੰਟੀ (22) ਪੁੱਤਰ ਪੱਪੂ ਵਾਸੀ ਬੰਗਾਲਾ ਬਸਤੀ ਕੀਰਤਪੁਰ ਸਾਹਿਬ, ਰੇਹੜੀ ਚਾਲਕ ਨਰੇਸ਼ ਕੁਮਾਰ (30) ਪੁੱਤਰ ਸਾਹਿਬ ਰਾਮ ਵਾਸੀ ਮੁਹੱਲਾ ਡੇਰਾ ਬਾਬਾ ਸ੍ਰੀਚੰਦ ਪਿੰਡ ਕਲਿਆਣਪੁਰ (ਕੀਰਤਪੁਰ ਸਾਹਿਬ), ਗੌਤਮ ਕੁਮਾਰ (15) ਪੁੱਤਰ ਸੁਰੇਸ਼ ਕੁਮਾਰ ਵਾਸੀ ਰਾਜਸਥਾਨੀ ਝੁੱਗੀਆਂ ਸ੍ਰੀ ਕੀਰਤਪੁਰ ਸਾਹਿਬ ਵਜੋਂ ਹੋਈ ਹੈ। ਕਾਰ (ਸੀਐੱਚ01ਬੀ ਬੀ 7852) ਸ੍ਰੀ ਆਨੰਦਪੁਰ ਸਾਹਿਬ ਵੱਲੋਂ ਰੋਪੜ ਵੱਲ ਜਾ ਰਹੀ ਸੀ। ਪੁਲੀਸ ਨੇ ਕਾਰ ਚਾਲਕ ਰਵਿੰਦਰ ਸਿੰਘ ਵਾਸੀ ਪਿੰਡ ਪਲਸੌਰਾ (ਚੰਡੀਗੜ੍ਹ) ਖ਼ਿਲਾਫ਼ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।