ਅੰਮ੍ਰਿਤਸਰ (ਟਨਸ): ਕੇਂਦਰੀ ਗੁਰੂ ਸਿੰਘ ਸਭਾ ਦੇ ਵਫ਼ਦ ਨੇ ਅੱਜ ਇਥੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇੱਕ ਪੱਤਰ ਸੌਂਪ ਕੇ ਅਪੀਲ ਕੀਤੀ ਕਿ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਕੀਰਤਨ ਦਾ ਸਿੱਧਾ ਪ੍ਰਸਾਰਨ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਚੈਨਲ ਤੋਂ ਤੁਰੰਤ ਕੀਤਾ ਜਾਵੇ ਤੇ ਨਿੱਜੀ ਚੈਨਲ ਤੋਂ ਹੋ ਰਿਹਾ ਪ੍ਰਸਾਰਨ ਵੀ ਤੁਰੰਤ ਰੋਕਿਆ ਜਾਵੇ। ਜਥੇਬੰਦੀ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਦੇ ਦਸਤਖ਼ਤਾਂ ਹੇਠ ਦਿੱਤੇ ਗਏ ਇਸ ਪੱਤਰ ਵਿੱਚ ਉਨ੍ਹਾਂ ਕਿਹਾ ਕਿ ਜਿਵੇਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਛਪਾਈ ਸਿਰਫ ਸ਼੍ਰੋਮਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ, ਉਸੇ ਤਰਜ਼ ’ਤੇ ਸ੍ਰੀ ਦਰਬਾਰ ਸਾਹਿਬ ਵਿੱਚ ਹੁੰਦੇ ਗੁਰਬਾਣੀ ਕੀਰਤਨ ਦਾ ਪ੍ਰਸਾਰਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਸਿਰਫ਼ ਆਪਣੇ ਚੈਨਲ ਰਾਹੀਂ ਕੀਤਾ ਜਾਵੇ। ਇਸ ਵਫ਼ਦ ਵਿੱਚ ਡਾ. ਖੁਸ਼ਪਾਲ ਸਿੰਘ ਦੇ ਨਾਲ ਹੋਰ ਸਿੱਖ ਆਗੂ ਹਾਜ਼ਰ ਸਨ।