ਗਗਨਦੀਪ ਅਰੋੜਾ
ਲੁਧਿਆਣਾ, 7 ਫਰਵਰੀ
ਲੁਧਿਆਣਾ ਦੇ ਸਭ ਤੋਂ ਸੰਵੇਦਨਸ਼ੀਲ ਹਲਕੇ ਆਤਮ ਨਗਰ ਵਿੱਚ ਅੱਜ ਫਿਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਕਾਂਗਰਸੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਸਮਰਥਕ ਆਹਮੋ-ਸਾਹਮਣੇ ਹੋ ਗਏ। ਸੋਮਵਾਰ ਰਾਤ ਨੂੰ ਦੋਵਾਂ ਦੇ ਸਮਰਥਕਾਂ ਨੇ ਇੱਕ ਦੂਜੇ ’ਤੇ ਇੱਟਾਂ-ਪੱਥਰ ਵਰ੍ਹਾਏ। ਇਸ ਦੌਰਾਨ ਕਾਂਗਰਸੀ ਉਮੀਦਵਾਰ ਕੜਵਲ ਦੇ ਸਮਰੱਥਕਾਂ ਦੀਆਂ ਗੱਡੀਆਂ ਦੀ ਭੰਨ-ਤੋੜ ਵੀ ਹੋਈ। ਕੜਵਲ ਸਮਰਥਕਾਂ ਨੇ ਦੂਜੀ ਧਿਰ ’ਤੇ ਕਥਿਤ ਗੋਲੀ ਚਲਾਉਣ ਦੇ ਦੋਸ਼ ਵੀ ਲਗਾਏ ਹਨ। ਸੂਚਨਾ ਮਿਲਦੇ ਸਾਰ ਕਈ ਥਾਣਿਆਂ ਦੀ ਪੁਲੀਸ ਤੇ ਸੀਨੀਅਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਪੁਲੀਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਕਮਲਜੀਤ ਸਿੰਘ ਕੜਵਲ ਨੇ ਦੱਸਿਆ ਕਿ ਇਲਾਕੇ ਵਿੱਚ ਉਨ੍ਹਾਂ ਦੀ ਇੱਕ ਚੋਣ ਮੀਟਿੰਗ ਸੀ ਤੇ ਉਹ ਸਮਰਥਕਾਂ ਨਾਲ ਆਪਣੇ ਦਫ਼ਤਰ ਕੋਲ ਖੜ੍ਹੇ ਸਨ। ਇਸ ਦੌਰਾਨ ਵਿਧਾਇਕ ਬੈਂਸ ਤੇ ਉਨ੍ਹਾਂ ਦਾ ਪੁੱਤਰ ਆਪਣੇ ਕਥਿਤ ਤੌਰ ’ਤੇ ਸਮਰਥਕਾਂ ਨਾਲ ਉਥੇ ਆਏ ਤੇ ਆਉਂਦੇ ਹੀ ਇੱਟਾਂ-ਪੱਥਰ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਨ੍ਹਾਂ ਦੀਆਂ ਗੱਡੀਆਂ ਤੋੜ ਦਿੱਤੀਆਂ। ਉਨ੍ਹਾਂ ਦੋੋਸ਼ ਲਾਇਆ ਕਿ ਵਿਧਾਇਕ ਬੈਂਸ ਦੇ ਸਮਰੱਥਕਾਂ ਨੇ ਉਨ੍ਹਾਂ ਵੱਲ ਗੋਲੀ ਵੀ ਚਲਾਈ। ਘਟਨਾ ਦੀ ਵੀਡੀਓ ਮੋਬਾਈਲ ਫੋਨਾਂ ’ਤੇ ਵੀ ਬਣਾਈ ਗਈ ਹੈ। ਮੌਕੇ ’ਤੇ ਪਹੁੰਚੇ ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।