ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 2 ਅਕਤੂਬਰ
ਇਥੋਂ ਦੇ ਸੰਗਲਾਂ ਵਾਲਾ ਸ਼ਿਵਾਲਾ ਵਿੱਚ ਹਿੰਦੂ ਜਥੇਬੰਦੀਆਂ ਦੇ ਦੋ ਧੜੇ ਉਸ ਵਕਤ ਆਪਸ ਵਿੱਚ ਉਲਝ ਗਏ ਜਦੋਂ ਪੰਜਾਬੀ ਗਾਇਕ ਜੀ ਖਾਨ ਸੰਗਲਾਂ ਵਾਲਾ ਸ਼ਿਵਾਲਾ ਦੇ ਮਹੰਤ ਨਰਾਇਣ ਪੁਰੀ ਦੀ ਹਾਜ਼ਰੀ ਵਿੱਚ ਮੁਆਫ਼ੀ ਮੰਗਣ ਆਇਆ। ਜੀ ਖਾਨ ਖ਼ਿਲਾਫ਼ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਪੁਲੀਸ ਨੇ ਕੇਸ ਦਰਜ ਕੀਤਾ ਹੋਇਆ ਹੈ। ਹਿੰਦੂ ਜਥੇਬੰਦੀਆਂ ਦੇ ਰੋਸ ਨੂੰ ਵੇਖਦਿਆਂ ਉਹ ਸੰਗਲਾਂ ਵਾਲਾ ਸ਼ਿਵਾਲਾ ਵਿੱਚ ਮੁੁਆਫ਼ੀ ਮੰਗਣ ਆਇਆ ਸੀ ਅਤੇ ਉਸ ਨੂੰ ਮੁਆਫ਼ੀ ਵੀ ਦੇ ਦਿੱਤੀ ਗਈ ਸੀ ਪਰ ਜਦੋਂ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਮੁਆਫ਼ੀ ਦਾ ਵਿਰੋਧ ਕਰਦਿਆਂ ਉਸ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਇਸ ਗੱਲ ਨੂੰ ਲੈ ਕੇ ਦੋਹਾਂ ਧਿਰਾਂ ਦੇ ਆਗੂ ਅਤੇ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਇੱਟਾਂ, ਵੱਟਿਆਂ ਅਤੇ ਡਾਂਗਾਂ ਨਾਲ ਇੱਕ ਦੂਜੇ ’ਤੇ ਹਮਲਾ ਕਰ ਦਿੱਤਾ।