ਮਹਿੰਦਰ ਸਿੰਘ ਰੱਤੀਆਂ
ਮੋਗਾ, 6 ਦਸੰਬਰ
ਥਾਣਾ ਧਰਮਕੋਟ ਅਧੀਨ ਪਿੰਡ ਜਲਾਲਾਬਾਦ ਪੂਰਬੀ ’ਚ ਬੀਤੀ ਰਾਤ ਕਰੀਬ 11 ਵਜੇ ਕਰਫ਼ਿਊ ਦੌੌਰਾਨ ਫ਼ੌਜੀ ਵਰਦੀ ’ਚ ਚਾਰ ਨੌਜਵਾਨਾਂ ਨੇ ਵਧੀਕ ਐੱਸਐੱਚਓ ਅਤੇ ਹੋਮਗਾਰਡ ਵਾਲੰਟੀਅਰ ’ਤੇ ਹਮਲਾ ਕਰਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਹਮਲਾਵਰ ਥਾਣੇਦਾਰ ਦੀ ਏਕੇ-47 ਰਾਈਫਲ ਅਤੇ ਮੋਬਾਈਲ ਫੋਨ ਖੋਹ ਕੇ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਪਛਾਣ ਹੋਣ ਮਗਰੋਂ ਪੁਲੀਸ ਨੇ ਉਨ੍ਹਾਂ ਦੇ ਘਰਾਂ ਉੱਤੇ ਛਾਪੇ ਮਾਰੇ ਸ਼ੁਰੂ ਕਰ ਦਿੱਤੇ ਹਨ। ਧਰਮਕੋਟ ਦੇ ਡੀਐੱਸਪੀ ਸੁਬੇਗ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਵਧੀਕ ਐੱਸਐੱਚਓ ਮੇਜਰ ਸਿੰਘ ਦੇ ਬਿਆਨ ਉਤੇ ਹਮਲਾਵਾਰਾਂ ਇੰਦਰਜੀਤ ਸਿੰਘ ਉਰਫ਼ ਵਿੱਕੀ, ਜਗਜੀਤ ਸਿੰਘ ਉਰਫ਼ ਬੱਬੂ, ਗੁਰਪ੍ਰੀਤ ਸਿੰਘ ਉਰਫ਼ ਗੋਪੀ ਅਤੇ ਜਸਪ੍ਰੀਤ ਸਿੰਘ ਉਰਫ਼ ਜੱਸਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਮੇਜਰ ਸਿੰਘ ਅਤੇ ਹੋਮਗਾਰਡ ਵਾਲੰਟੀਅਰ ਸੁਖਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਮੁਤਾਬਕ ਥਾਣੇਦਾਰ ਅਤੇ ਹੋਮਗਾਰਡ ਵਾਲੰਟੀਅਰ ਲੰਘੀ ਰਾਤ ਕਰੀਬ 11 ਵਜੇ ਪਿੰਡ ਜਲਾਲਾਬਾਦ ਪੂਰਬੀ ’ਚ ਮਿਲੀ ਸ਼ਿਕਾਇਤ ਦੀ ਜਾਂਚ ਲਈ ਗਏ ਸਨ। ਇਸ ਦੌਰਾਨ ਰਸਤੇ ’ਚ ਹੀ ਉਨ੍ਹਾਂ ਉੱਤੇ ਇੱਟਾਂ ਨਾਲ ਹਮਲਾ ਹੋ ਗਿਆ।