ਪੱਤਰ ਪ੍ਰੇਰਕ
ਮਾਨਸਾ, 22 ਅਗਸਤ
ਆਲ ਇੰਡੀਆ ਪੀਪਲਜ਼ ਫੋਰਮ ਦੇ ਸੂਬਾ ਕਨਵੀਨਰ ਬਲਵਿੰਦਰ ਸਿੰਘ ਚਹਿਲ ਤੇ ਸੀਪੀਆਈ (ਐੱਮਐੱਲ) ਲਬਿਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਨੱਤ ਨੇ ਮੁੱਖ ਮੰਤਰੀ ਪੰਜਾਬ ਕੋਲ ਕੁੱਝ ਅਹਿਮ ਸਵਾਲ ਉਠਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਸਿਹਤ ਵਿਭਾਗ ਅੰਦਰ ਚੱਲ ਰਹੀ ਰਿਸ਼ਵਤਖੋਰੀ ਵੱਲ ਉਚੇਚੇ ਤੌਰ ’ਤੇ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਭੇਜੇ ਇੱਕ ਪੱਤਰ ਵਿੱਚ ਦੱਸਿਆ ਕਿ 26 ਜੂਨ ਨੂੰ ਵਿਜੀਲੈਂਸ ਵਿਭਾਗ ਦੇ ਐੱਸਐੱਸਪੀ ਪਰਮਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸਿਵਲ ਹਸਪਤਾਲ ਮਾਨਸਾ ਦੇ ਦੋ ਅਧਿਕਾਰੀ, ਤਿੰਨ ਸਿਹਤ ਕਰਮਚਾਰੀ ਅਤੇ 4 ਪ੍ਰਾਈਵੇਟ ਦਵਾਈ ਵਿਕਰੇਤਾਵਾਂ ’ਤੇ ਪਰਚਾ ਦਰਜ ਕੀਤਾ ਗਿਆ ਸੀ ਅਤੇ ਐੱਸਐੱਮਓ ਡਾ.ਅਸ਼ੋਕ ਕੁਮਾਰ ਸਮੇਤ ਸੱਤ ਵਿਅਕਤੀ ਜੇਲ੍ਹ ਵਿੱਚ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਅਫਸਰ ਤੇ ਪ੍ਰਾਈਵੇਟ ਦੁਕਾਨ ਦਾ ਮਾਲਕ ਲਗਪਗ ਦੋ ਮਹੀਨਿਆਂ ਤੋਂ ਭਗੌੜੇ ਹਨ, ਜਿਨ੍ਹਾਂ ਨੂੰ ਗ੍ਰਿਫ਼ਤਾਰ ਨਾ ਕਰਨਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਾ ਹੈ। ਇਨਕੁਆਰੀ ਦੌਰਾਨ ਵਿਜੀਲੈਂਸ ਦੇ ਐੱਸਐੱਸਪੀ ਦਾ ਤਬਾਦਲਾ ਵੀ ਸਰਕਾਰ ਦੀ ਨੀਤੀ ’ਤੇ ਸ਼ੱਕ ਪੈਦਾ ਕਰਦਾ ਹੈ।