ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 6 ਮਾਰਚ
ਯੂਕਰੇਨ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਦਾ ਵਿਦਿਆਰਥੀ ਪਿਊਸ਼ ਗੋਇਲ ਲੰਮੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਯੂਕਰੇਨ ਤੋਂ ਵਤਨ ਪਰਤ ਆਇਆ ਹੈ। ਪਿਊਸ਼ ਨੇ ਦੱਸਿਆ ਕਿ ਕੋਈ ਸਾਧਨ ਨਾ ਮਿਲਣ ਕਾਰਨ ਉਸ ਨੇ ਹੋਰਨਾਂ ਵਿਦਿਆਰਥੀਆਂ ਨਾਲ ਰਲ ਕੇ ਦਸ ਕਿਲੋਮੀਟਰ ਦਾ ਸਫ਼ਰ ਪੈਦਲ ਤੈਅ ਕੀਤਾ। ਫਿਰ ਲੰਮੇ ਇੰਤਜ਼ਾਰ ਮਗਰੋਂ 32 ਘੰਟਿਆਂ ਦਾ ਰੇਲ ਦਾ ਸਫ਼ਰ ਖੜ੍ਹੇ ਹੋ ਕੇ ਤੈਅ ਕੀਤਾ ਤੇ ਪੋਲੈਂਡ ਦੀ ਸਰਹੱਦ ’ਤੇ ਪਹੁੰਚਿਆ, ਜਿੱਥੇ ਉਨ੍ਹਾਂ ਨੂੰ ਲੰਮੀ ਉਡੀਕ ਮਗਰੋਂ ਭਾਰਤ ਦੀ ਉਡਾਣ ਮਿਲੀ ਤੇ ਉਹ ਦਿੱਲੀ ਪੁੱਜੇ।
ਪਿਊਸ਼ ਗੋਇਲ ਹੁਣ ਸੁਰੱਖਿਅਤ ਆਪਣੇ ਘਰ ਪਹੁੰਚ ਗਿਆ ਹੈ। ਪਿਊਸ਼ ਨੂੰ ਮਿਲ ਕੇ ਉਸ ਦੇ ਮਾਤਾ-ਪਿਤਾ, ਭੈਣ ਤੇ ਹੋਰ ਸਾਰੇ ਰਿਸ਼ਤੇਦਾਰਾਂ ਨੇ ਖੁਸ਼ੀ ਮਨਾਉਂਦਿਆਂ ਰੱਬ ਦਾ ਸ਼ੁਕਰਾਨਾ ਕੀਤਾ। ਪਿਊਸ਼ ਨੇ ਇਸ ਮੌਕੇ ਭਾਰਤ ਸਰਕਾਰ ਵੱਲੋਂ ਵਿਦਿਆਰਥੀਆਂ ਦੀ ਵਤਨ ਵਾਪਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਲਈ ਧੰਨਵਾਦ ਕਰਦਿਆਂ ਇਹ ਮੰਗ ਵੀ ਕੀਤੀ ਕਿ ਯੂਕਰੇਨ ਤੋਂ ਪਰਤ ਰਹੇ ਵਿਦਿਆਰਥੀਆਂ ਦੀ ਰਹਿੰਦੀ ਪੜ੍ਹਾਈ ਮੁਕੰਮਲ ਕਰਵਾਉਣ ਲਈ ਵੀ ਸਰਕਾਰ ਯਤਨ ਕਰੇ ਤਾਂ ਜੋ ਉਨ੍ਹਾਂ ਦੀਆਂ ਡਿਗਰੀਆਂ ਅਧੂਰੀਆਂ ਨਾ ਰਹਿਣ।
ਪਿਊਸ਼ ਦੀ ਮਾਤਾ ਮੋਨਿਕਾ ਤੇ ਪਿਤਾ ਭੂਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਘਰ ਪਰਤ ਆਇਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਵੱਡੀਆਂ ਰਕਮਾਂ ਖਰਚ ਕੇ ਮਾਪਿਆਂ ਵੱਲੋਂ ਯੂਕਰੇਨ ਪੜ੍ਹਨ ਲਈ ਭੇਜੇ ਬੱਚਿਆਂ ਦੀਆਂ ਡਿਗਰੀਆਂ ਪੂਰੀਆਂ ਕਰਨ ਦੇ ਉਪਰਾਲੇ ਕੀਤੇ ਜਾਣ ਤਾਂ ਜੋ ਉਨ੍ਹਾਂ ਦਾ ਭਵਿੱਖ ਹਨੇਰੇ ਵਿੱਚ ਨਾ ਜਾਵੇ।